ਕੋਰੋਨਾ ਤੋਂ ਪ੍ਰਭਾਵਿਤ ਪੰਜਾਬ ਦੇ ਲੋਕਾਂ ਨੂੰ ਰਾਹਤ ਅਤੇ ਸਹੂਲਤਾਂ ਦੇਣ ਲਈ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਖੁੱਲ੍ਹਾ ਪੱਤਰ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਲਈ ਰਾਹਤ ਦੀ ਮੰਗ ਨੂੰ ਲੈ ਕੇ ਭਾਰਤੀਯ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁਖਮੰਤਰੀ ਅਮਰਿੰਦਰ ਸਿੰਘ ਨੂੰ ਲਿਖੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦੀਆਂ ਸਿਹਤ ਸੇਵਾਵਾਂ ਬਹੁਤ ਬੁਰੇ ਹਾਲਾਤ ਵਿੱਚ ਪੁੱਜ ਗਈਆਂ ਹਨ ਅਤੇ ਇਸਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਪੰਜਾਬ ਦਾ ਸਿਹਤ ਵਿਭਾਗ ਪਿਛਲੇ ਸਾਲ ਦੀ ਕੋਰੋਨਾ ਮਹਾਮਾਰੀ ਤੋਂ ਸਬਕ ਨਾ ਲੈਂਦਿਆਂ ਨਵੇਂ ਅਤੇ ਜ਼ਰੂਰੀ ਕਰਮਚਾਰੀਆਂ ਦੀ ਭਰਤੀ ਨਹੀਂ ਕਰ ਸਕਿਆ। ਦੂਜੇ ਪਾਸੇ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੜਤਾਲ ‘ਤੇ ਬੈਠੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਧਮਕੀਆਂ ਦੇ ਕੇ ਕੰਮ‘ ਤੇ ਪਰਤਣ ਲਈ ਕਹਿ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਇਹ ਕਿੱਥੇ ਦਾ ਲੋਕਤੰਤਰ ਹੈ, ਜਿਥੇ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਅਵਾਜ ਚੁੱਕਣ ‘ਤੇ ਧਮਕੀ ਦਿੱਤੀ ਜਾਂਦੀ ਹੈ? ਪੰਜਾਬ ਪਹਿਲਾਂ ਹੀ ਆਰਥਿਕ ਮੰਦੀ ਦੇ ਪੜਾਅ ਵਿਚੋਂ ਲੰਘ ਰਿਹਾ ਹੈ ਅਤੇ ਕੋਈ ਵੀ ਉਦਯੋਗਪਤੀ ਇਥੇ ਆਪਣਾ ਨਵਾਂ ਉਦਯੋਗ ਸ਼ੁਰੂ ਕਰਨ ਲਈ ਤਿਆਰ ਨਹੀਂ ਹੈ ਅਤੇ ਜਿਹੜੇ ਉਦਯੋਗ ਪਹਿਲਾਂ ‘ਤੋਂ ਪੰਜਾਬ ‘ਚ ਚੱਲ ਰਹੇ ਹਨ ਉਹ ਵੀ ਇਥੋਂ ਜਾਣ ਲਈ ਤਿਆਰ ਹਨ। ਪੰਜਾਬ ਸਰਕਾਰ ਵਲੋਂ ਉਦਯੋਗਪਤੀਆਂ, ਦਰਮਿਆਨੇ ਦੁਕਾਨਦਾਰਾਂ ਅਤੇ ਸੂਬੇ ਦੇ ਲੋਕਾਂ ਨੂੰ ਅਜੇ ਤੱਕ ਕਿਸੇ ਵੀ ਤਰਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਮਹਾਂਮਾਰੀ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਦੇ ਸੰਬੰਧ ਵਿਚ ਸੂਬੇ ਦੀਆਂ ਅਖਬਾਰਾਂ ਵਿਚ ਦਿਲ ਦਹਿਲਾਉਣ ਵਾਲਿਆਂ ਫੋਟੋਆਂ ਦੇ ਨਾਲ ਰੋਜ਼ਾਨਾ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ, ਕਿਤੇ ਮ੍ਰਿਤਕ ਦੇਹ ਬੈਡ ‘ਤੇ ਪਈ ਹੈ ਅਤੇ ਮਰੀਜ਼ ਇਲਾਜ ਲਈ ਜਮੀਨ ਤੇ ਤੜਫ਼ ਰਹੇ ਹਨ, ਲਾਸ਼ਾਂ ਨੂੰ ਚੁੱਕਣ ਲਈ ਐਂਬੂਲੈਂਸ ਦੀ ਵੀ ਕੋਈ ਸਹੂਲਤ ਨਹੀਂ ਹੈ ਅਤੇ ਪੀੜਤ ਆਪਣੇ ਪਰਿਵਾਰ ਦੀਆਂ ਲਾਸ਼ਾਂ ਨੂੰ ਆਪਣੇ ਮੋਢਿਆਂ ‘ਤੇ ਚੁੱਕ ਰਹੇ ਹਨI ਅਜਿਹੀਆਂ ਦਿਲ ਦਹਿਲਾਉਣ ਵਾਲਿਆਂ ਸਮੱਸਿਆਵਾਂ ਦਾ ਜਨਤਾ ਨੂੰ ਹਰ ਰੋਜ਼ ਸਾਹਮਣਾ ਕਰਨਾ ਪੈ ਰਿਹਾ ਹੈI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਰੋਜ਼ਾਨਾ ਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਆਂਡੀ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸਰਕਾਰਾਂ ਵੱਲੋਂ ਆਪਣੇ ਸੂਬੇ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੀ ਤਰਜ਼ ‘ਤੇ, ਪੰਜਾਬ ਦੇ ਲੋਕਾਂ ਨੂੰ ਵੀ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤਾ ਗਈ ਹੈI ਸ਼ਰਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਕੋਰੋਨਾ ਪ੍ਰਭਾਵਿਤ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਨੂੰ 5,000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ ਅਤੇ ਇਹ ਇਕਮੁਸ਼ਤ ਰਾਸ਼ੀ ਮਰੀਜ਼ਾਂ ਦੇ ਬੈਂਕ ਖਾਤੇ ਵਿੱਚ ਡਾਕਟਰੀ ਸਹਾਇਤਾ ਵਜੋਂ ਸਿੱਧੀ ਭੇਜੀ ਜਾ ਰਹੀ ਹੈ।
ਦੂਜੇ ਪਾਸੇ, ਯੋਗੀ ਸਰਕਾਰ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਆਰਥਿਕ ਤੌਰ ‘ਤੇ ਕਮਜ਼ੋਰ, ਬੇਸਹਾਰਾ ਪਰਿਵਾਰਾਂ ਨੂੰ ਬਿਮਾਰੀ ਦੀ ਹਾਲਤ ਵਿੱਚ, ਮੌਤ ਹੋਣ ‘ਤੇ ਸਸਕਾਰ ਲਈ 5,000 ਰੁਪਏ ਦੀ ਮਦਦ ਦੇ ਰਹੀ ਹੈ। ਇਸ ਤੋਂ ਇਲਾਵਾ, ਕੋਵਿਡ ਮਰੀਜ਼ ਜੋ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ ‘ਆਯੂਸ਼ਮਾਨ ਭਾਰਤ ਯੋਜਨਾ’ ਤਹਿਤ ਸਹੂਲਤ ਨਹੀਂ ਲੈ ਰਹੇ ਹਨ, ਨੂੰ ਵੀ ਸੂਬਾ ਸਰਕਾਰ ਵਲੋਂ ਮੰਜੂਰ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਪ੍ਰਤੀ ਮਰੀਜ਼ 35,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ, ਜਿੱਥੇ ਕੋਵਿਡ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ, ਉਥੇ ਇਸ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ।
ਅਜਿਹੀਆਂ ਸਹੂਲਤਾਂ ਦੇਸ਼ ਦੇ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਵੀ ਆਪਣੀ ਜਨਤਾ ਨੂੰ ਦੇ ਰਹੀਆਂ ਹਨ। ਸੂਬਿਆਂ ਵਿਚ ਹੋਈ ਤਾਲਾਬੰਦੀ ਕਾਰਨ ਇਹ ਫੈਸਲੇ ਉਥੇ ਦੀਆਂ ਸੂਬਾ ਸਰਕਾਰਾਂ ਨੇ ਆਪਣੇ-ਆਪਣੇ ਸੂਬਿਆਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਲਏ ਹਨ, ਤਾਂ ਜੋ ਕਿਸੇ ਦੀ ਵਿੱਤੀ ਸਥਿਤੀ ਖਰਾਬ ਨਾ ਹੋਏ ਅਤੇ ਕਿਸੇ ਨੂੰ ਵੀ ਭੁੱਖਮਰੀ ਦਾ ਸਾਹਮਣਾ ਨਾ ਕਰਨਾ ਪਏ। ਅਸ਼ਵਨੀ ਸ਼ਰਮਾ ਨੇ ਸੂਬੇ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੋਰੋਨਾ ਪ੍ਰਭਾਵਿਤ ਲੋਕਾਂ ਨੂੰ ਸਹੂਲਤਾਂ ਅਤੇ ਰਾਹਤ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ‘ਚ ਗੱਠਜੋੜ ਸਰਕਾਰ ਵਲੋਂ ਕੈੰਸਰ ਦੇ ਮਰੀਜਾਂ ਲਈ ਡੇਢ਼ ਲੱਖ ਰੁਪਏ ਤੱਕ ਦੇ ਇਲਾਜ ਦੀ ਸਰਕਾਰੀ ਵਿਵਸਥਾ ਕੀਤੀ ਗਈ ਸੀ।
ਉਸੇ ਤਰਜ਼ ‘ਤੇ ਪੰਜਾਬ ਸਰਕਾਰ ਹਰ ਕੋਵਿਡ ਮਰੀਜ ਨੂੰ, ਜੋ ਗਰੀਬ ਹੈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ, 1,50,000 ਰੁਪਏ ਦੀ ਵਿੱਤੀ ਮਦਦ ਦਾ ਪ੍ਰਬੰਧ ਕਰੇ। ਜਿਹੜੇ ਮਰੀਜ਼ ਇਲਾਜ ਲਈ ਘਰ ਵਿੱਚ ਨਜ਼ਰਬੰਦ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 10,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇI ਪੰਜਾਬ ਸਰਕਾਰ ਕੋਲ ਜਿਹੜੇ ਮਜਦੂਰ ਰਜਿਸਟਰਡ ਹਨ, ਉਨ੍ਹਾਂ ਨੂੰ ਦੋ ਮਹੀਨਿਆਂ ਲਈ 5,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਰਾਹਤ ਰਾਸ਼ੀ ਦਿੱਤੀ ਜਾਵੇ। ਪੰਜਾਬ ਸਰਕਾਰ ਵਲੋਂ ਸਾਰੇ ਮਰੀਜ਼ਾਂ ਨੂੰ ਹਰ ਤਰਾਂ ਦੀਆਂ ਕੋਵਿਡ ਦੀਆਂ ਦਵਾਈਆਂ ਮੁਫਤ ਮੁਹਇਆ ਕਾਰਵਾਈਆਂ ਜਾਣ। ਤਾਲਾਬੰਦੀ ਕਾਰਨ ਦਰਮਿਆਨੇ ਵਰਗ ਦੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਪੰਜਾਬ ਸਰਕਾਰ ਉਹਨਾਂ ਦੇ ਕੋਰੋਨਾ ਕਾਲ ਤੱਕ ਦੇ ਬਿਜਲੀ ਦੇ ਬਿੱਲ ਮੁਆਫ ਕਰੇ। ਉਦਯੋਗਪਤੀਆਂ ਦਾ ਕੋਵਿਡ ਦੇ ਚਲਦਿਆਂ ਘੱਟ ਉਤਪਾਦਨ ਹੋਣ ਕਾਰਨ ਬਹੁਤ ਨੁਕਸਾਨ ਹੋਇਆ ਹੈ।
ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਵੀ ਕੋਰੋਨਾ ਦੇ ਸਮੇਂ ਦੌਰਾਨ ਦੇ ਬਿਜਲੀ ਬਿੱਲਾਂ ਵਿੱਚ ਰਾਹਤ ਦਿੱਤੀ ਜਾਣੀ ਚਾਹੀਦੀ ਹੈI ਪੰਜਾਬ ਭਾਜਪਾ ਮੰਗ ਕਰਦੀ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਲੋੜਵੰਦ ਲੋਕਾਂ ਲਈ ਪਿਛਲੇ ਸਾਲ ਦੇ ਵਾਂਗ ਭੇਜਿਆ ਗਿਆ ਰਾਸ਼ਨ ਤੁਰੰਤ ਵੰਡਣ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਪੰਜਾਬ ਸਰਕਾਰ ਕੋਵਿਡ ਦੀ ਮਾਰ ਝੱਲ ਰਹੀ ਆਮ ਜਨਤਾ ਦੇ ਵੀ ਕੋਵਿਡ ਕਾਲ ਦੇ ਬਿਜਲੀ ਬਿੱਲ ਮੁਆਫ ਕਰਕੇ ਕੋਰੋਨਾ ਤੋਂ ਪੀੜਤ ਆਮ ਲੋਕਾਂ ਨੂੰ ਰਾਹਤ ਦੇਵੇ। ਪੰਜਾਬ ਭਾਜਪਾ ਤੁਹਾਡੇ ਤੋਂ ਮੰਗ ਕਰਦੀ ਹੈ ਕਿ ਸੂਬੇ ਦੇ ਵਸਨੀਕ ਹਲਵਾਈ, ਨਾਈ, ਮੋਚੀ, ਇਲੈਕਟ੍ਰਿਸ਼ੀਅਨ, ਪਲੰਬਰ, ਦੁਕਾਨਾਂ ਵਿੱਚ ਕੰਮ ਕਰਦੇ ਪ੍ਰਾਈਵੇਟ ਵਰਕਰ, ਬਿਉਟੀ ਪਾਰਲਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ, ਭੱਠਾ ਮਜਦੂਰ, ਦਰਜੀ, ਰਿਕਸ਼ਾ ਚਾਲਕ, ਆਟੋ ਡਰਾਈਵਰ, ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰ, ਰੇਹੜੀ-ਫੜੀ ਵਾਲੇ, ਠੇਲਾ ਚਲਾਉਣ ਵਾਲੇ, ਫੈਕਟਰੀਆਂ ‘ਚ ਕੰਮ ਕਰਨ ਵਾਲੀ ਲੇਬਰ ਆਦਿ ਉਹ ਲੋਕ ਜਿਹਨਾਂ ਨੂੰ ਤਾਲਾਬੰਦੀ ਕਾਰਨ ਵਿੱਤੀ ਮਾਰ ਝੱਲਣੀ ਪਈ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬ ਵਿਚ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ, ਤਿੰਨੋਂ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਬਜਟ ਦਿੱਤਾ ਜਾਵੇ, ਜਿਸ ਨਾਲ ਕਿ ਵੈਂਟੀਲੇਟਰ ਚਲਾਉਣ ਅਤੇ ਡਾਇਲੀਜ਼ਰ ਕਰਨ ਵਾਲਿਆਂ ਸਮੇਤ ਹੋਰ ਨਵੀਂ ਭਰਤੀ ਕੀਤੀ ਜਾ ਸਕੇ, ਤਾਂ ਜੋ ਮਰੀਜ਼ ਇਸ ਤੋਂ ਲਾਭ ਲੈ ਸਕਣI ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਨ੍ਹਾਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਦਖਲਅੰਦਾਜ਼ੀ ਕਰਕੇ ਇਹਨਾਂ ਨੂੰ ਹੱਲ ਕਰਵਾਓਗੇ ਤਾਂ ਜੋ ਕੋਵਿਡ ਪ੍ਰਭਾਵਿਤ ਪੰਜਾਬ ਦੀ ਜਨਤਾ ਨੂੰ ਪੰਜਾਬ ਸਰਕਾਰ ਵਲੋਂ ਜਲਦੀ ਹੀ ਕੁਝ ਰਾਹਤ ਮਿਲ ਸਕੇ ਅਤੇ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਕੋਵਿਡ ਸਹੂਲਤਾਂ ਦਾ ਪੂਰਾ ਲਾਭ ਲੋਕਾਂ ਨੂੰ ਨਿਰ੍ਪੱਖ ਰੂਪ ‘ਚ ਪੁੱਜ ਸਕੇ।




