ਸਕੂਲੀ ਫ਼ੀਸ ‘ਤੇ ਹਾਈ ਕੋਰਟ ਦਾ ਨਵਾਂ ਫ਼ੈਸਲਾ | High Court on School Fees

ਚੰਡੀਗੜ੍ਹ 20 ਜੁਲਾਈ 2020
ਅੱਜ ਸਕੂਲ ਫੀਸਾਂ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਮਾਪਿਆਂ ਨੂੰ ਅੰਸ਼ਕ ਰਾਹਤ ਦੇਣ ਦਾ ਫ਼ੈਸਲਾ ਸੁਣਾਇਆ ਹੈ। ਪਰ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਿੰਗਲ ਬੈਂਚ ਵੱਲੋਂ ਸੁਣਾਏ ਫੈਸਲੇ ‘ਤੇ ਕੋਈ ਵੀ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇ ਵਕੀਲ ਆਰ ਐਸ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਵਿਚ ਦੋਵੇਂ ਧਿਰਾਂ ਦੀ ਤਿੰਨ ਘੰਟੇ ਬਹਿਸ ਹੋਈ, ਜਿਸ ਤੋਂ ਬਾਅਦ ਡਬਲ ਬੈਂਚ ਨੇ ਇਹ ਰਾਹਤ ਦਿੱਤੀ ਕਿ ਜਿਹੜੇ ਮਾਪੇ ਸਕੂਲ ਕੋਲ ਦਰਖ਼ਾਸਤ ਦੇਣਗੇ ਕਿ ਅਸੀਂ ਫੀਸ ਨਹੀਂ ਦੇ ਸਕਦੇ, ਉਹਨਾਂ ਦੇ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟਿਆ ਨਹੀਂ ਜਾ ਸਕਦਾ। ਜੇਕਰ ਸਕੂਲ ਨਾਮ ਕੱਟਦਾ ਹੈ ਤਾਂ ਫਿਰ ਮਾਪੇ ਰੈਗੂਲੇਟਰੀ ਅਥਾਰਟੀ ਕੋਲ ਜਾ ਸਕਦੇ ਹਨ ਤੇ ਰੈਗੂਲੇਟਰੀ ਅਥਾਰਟੀ ਮਾਮਲੇ ਦਾ ਜਿੰਨੀ ਛੇਤੀ ਹੋ ਸਕੇ ਨਿਬੇੜਾ ਕਰੇਗੀ।
ਐਡਵੋਕੇਟ ਬੈਂਸ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਮਾਮਲੇ ਦੀ ਘੋਖ ਅੰਤਿਮ ਦੌਰ ਦੀ ਸੁਣਵਾਈ ਦੌਰਨ ਕਰਨ ਦੀ ਗੱਲ ਕਹੀ ਹੈ ਤੇ ਹੁਣ ਮਾਮਲੇ ਦੀ ਸੁਣਵਾਈ 4 ਹਫ਼ਤੇ ਅੱਗੇ ਪਾ ਦਿੱਤੀ ਹੈ। ਅਦਾਲਤ ‘ਚ ਇਹ ਚਰਚਾ ਵੀ ਹੋਈ ਕਿ ਸਕੂਲ ਦਾ ਕਿੰਨਾ ਖਰਚਾ ਹੁੰਦਾ ਹੈ, ਕਿੰਨੀਆਂ ਤਨਖਾਹਾਂ ਹੁੰਦੀਆਂ ਹਨ। ਜਿਸ ‘ਤੇ ਮਾਣਯੋਗ ਹਾਈ ਕੋਰਟ ਨੇ ਕਿਹਾ ਕਿ ਜਦੋਂ ਮਾਮਲਾ ਰੈਗੂਲੇਟਰੀ ਅਥਾਰਟੀ ਕੋਲ ਜਾਵੇਗਾ ਤਾਂ ਸਕੂਲਾਂ ਨੂੰ ਸਾਰਾ ਹਿਸਾਬ ਦੇਣਾ ਹੀ ਪਵੇਗਾ।




