breaking newsLatest NewsPunjabਖ਼ਬਰਾਂ

‘ਕੋਰੋਨਾ ਖਿਲਾਫ ਲੜਾਈ ‘ਚ ਕੈਪਟਨ ਵਲੋਂ ਅੱਧੇ-ਅਧੂਰੇ ਸਿੱਖਿਅਤ ਵਿਦਿਆਰਥੀਆਂ ਨੂੰ ਉਤਾਰਨਾ ਸਰਾਸਰ ਗਲਤ’

ਚੰਡੀਗੜ੍ਹ : ਪੰਜਾਬ ਦਾ ਸਿਹਤ ਵਿਭਾਗ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜ ਰਿਹਾ ਹੈ, ਪਰ ਸਿਹਤ ਵਿਭਾਗ ਕੋਲ ਨਾ ਤਾਂ ਪੂਰੇ ਡਾਕਟਰ ਹਨ ਅਤੇ ਨਾ ਹੀ ਸਟਾਫ਼, ਜਦੋਂਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਿਹਤ ਮੰਤਰੀ ਸਣੇ ਪੰਜਾਬ ਸਰਕਾਰ ਰੋਜ਼ਾਨਾ ਕੋਵਿਡ ਵਿਰੁੱਧ ਲੜਾਈ ਵਿਚ ਰਾਜਾਨ ਵੱਡੇ-ਵੱਡੇ ਦਾਅਵੇ ਕਰਦੀ ਰਹਿੰਦੀ ਹੈ। ਪੰਜਾਬ ਵਿਚ ਕੋਰੋਨਾ ਦੀ ਦੂਸਰੀ ਲਹਿਰ ਫੈਲਣ ਤੋਂ ਬਾਅਦ ਖਿੰਡ ਚੁਕੀਆਂ ਸਿਹਤ ਸਹੂਲਤਾਂ ਨੂੰ ਦੋਬਾਰਾ ਵਾਪਿਸ ਸੁਚਾਰੂ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਹਰ ਟੋਟਕਾ ਅਜਮਾ ਰਹੇ ਹਨ। ਇਸ ਦੇ ਲਈ, ਉਹਨਾਂ ਨੇ ਕੋਰੋਨਾ ਵਿਰੁੱਧ ਲੜਨ ਲਈ ਡਾਕਟਰੀ ਅਤੇ ਮੈਡੀਕਲ ਸੇਵਾਵਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਦਾਨ ਵਿਚ ਉਤਾਰ ਦਿੱਤਾ ਹੈ, ਜੋ ਕਿ ਬਿਲਕੁਲ ਗਲਤ ਹੈ।

ਮੁੱਖ ਮੰਤਰੀ ਦੇ ਇਸ ਕਦਮ ਦਾ ਸਖਤ ਨੋਟਿਸ ਲੈਂਦਿਆਂ, ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਅੱਧੇ-ਅਧੂਰੇ ਸਿਖਿਅਤ ਵਿਦਿਆਰਥੀਆਂ ਨੂੰ ਕੋਰੋਨਾ ਵਿਰੁੱਧ ਲੜਾਈ ਦੇ ਮੈਦਾਨ ਵਿਚ ਉਤਾਰ ਕੇ ਜਿਥੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਰੀਜ਼ਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ, ਉਥੇ ਵਿਦਿਆਰਥੀਆਂ ਨੂੰ ਵੀ ਖ਼ਤਰੇ ਵਿੱਚ ਪਾ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕੋਰੋਨਾ ਖ਼ਿਲਾਫ਼ ਜੰਗ ਲੜਨ ਲਈ ਪੰਜਾਬ ਸਰਕਾਰ ਨੂੰ 995 ਕਰੋੜ ਰੁਪਏ ਅਤੇ ਹੋਰ ਚੀਜ਼ਾਂ ਦਿੱਤੀਆਂ ਸਨ। ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਲਗਾਏ ਜਾਣ ਵਾਲੇ 162 ਮੈਡੀਕਲ ਆਕਸੀਜਨ ਪਲਾਂਟਾਂ ਵਿਚੋਂ ਪੰਜਾਬ ਨੂੰ ਤਿੰਨ ਆਕਸੀਜਨ ਪਲਾਂਟ ਅਲਾਟ ਕੀਤੇ ਗਏ ਸਨ, ਜਿਸ ਲਈ ਕੇਂਦਰ ਨੇ ਫੰਡ ਵੀ ਮੁਹੱਈਆ ਕਰਵਾਏ ਸਨ।

ਪਰ ਅਮਰਿੰਦਰ ਸਰਕਾਰ ਦੀ ਨਾਲਾਇਕੀ ਕਾਰਨ, ਉਨ੍ਹਾਂ ਵਿੱਚੋਂ ਇੱਕ ਵੀ ਆਕਸੀਜਨ ਪਲਾਂਟ ਸਮੇਂ ਸਿਰ ਪੰਜਾਬ ਵਿੱਚ ਨਹੀਂ ਲਗਾਇਆ ਜਾ ਸਕਿਆ। ਸ਼ਰਮਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਜਨਤਾ ਨੂੰ ਦੱਸਣ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਤੇ ਪੈਸੇ ਦਾ ਉਹਨਾਂ ਨੇ ਕੀ ਕੀਤਾ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਰਿੰਦਰ ਸਰਕਾਰ ਨੂੰ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪੀ ਐਮ ਕੇਅਰਸ ਫੰਡ ਵਿਚੋਂ 290 ਵੈਂਟੀਲੇਟਰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 250 ਵੈਂਟੀਲੇਟਰ ਅਮਰਿੰਦਰ ਸਰਕਾਰ ਦੀ ਨਾਲਾਇਕੀ ਕਾਰਨ ਧੂੜ ਫਕਦੇ ਰਹੇ ਅਤੇ ਹੁਣ ਉਹ ਨਿੱਜੀ ਹਸਪਤਾਲਾਂ ਨੂੰ ਦੇ ਕੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਗੱਲ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਸਾਰਾ ਸਾਲ ਵੈਂਟੀਲੇਟਰ ਕਿਉਂ ਧੂੜ ਖਾਂਦੇ ਰਹੇ? ਕਾਂਗਰਸ ਸਰਕਾਰ ਕਿਥੇ ਅਤੇ ਕਿਉਂ ਸੁੱਤੀ ਰਹੀ?

ਉਨ੍ਹਾਂ ਕਿਹਾ ਕਿ ਜਦੋਂ ਇਕ ਸਾਲ ਪਹਿਲਾਂ ਵੈਂਟੀਲੇਟਰ ਭੇਜੇ ਗਏ ਸਨ, ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਚਲਾਉਣ ਲਈ ਸਟਾਫ਼ ਕਿਉਂ ਨਹੀਂ ਰੱਖਿਆ? ਸ਼ਰਮਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਦੀਆਂ ਗਲਤੀਆਂ ਕਾਰਨ ਆਮ ਲੋਕਾਂ ਨੂੰ ਜਾਣੀ ਅਤੇ ਮਾਲੀ ਬਹੁਤ ਨੁਕਸਾਨ ਸਹਿਣਾ ਪੈ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸੂਬੇ ਦੇ ਗਰੀਬ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੈਪਟਨ ਸਰਕਾਰ ਨੇ ਕੀ ਪ੍ਰਬੰਧ ਕੀਤੇ ਹਨ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੋਰੋਨਾ ਮਰੀਜ਼ਾਂ ਲਈ ਅਲੱਗ ਕਵਾਰਨਟੀਨ ਸੈਂਟਰ ਸਥਾਪਤ ਕਰਨੇ ਚਾਹੀਦੇ ਹਨ, ਕਿਉਂਕਿ ਡਾਕਟਰ ਹਾਲੇ ਉਥੇ ਹੀ ਆਮ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ ਅਤੇ ਕੋਰੋਨਾ ਮਰੀਜ਼ਾਂ ਦੀ ਵੀ ਜਾਂਚ ਉਥੇ ਹੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਦੀ ਤਰਾਂ ਹੀ ਕੋਰੋਨਾ ਨੂੰ ਹੋਰ ਫੈਲਣ ਤੋਂ ਰੋਕਣ ਲਈ ਵੱਖਰੇ ਕੁਆਰੰਟੀਨ ਸੈਂਟਰ ਬਣਾਉਣੇ ਚਾਹੀਦੇ ਹਨ। ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਲਈ ਆਕਸੀਜਨ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਮੰਗ ਕਰਦਿਆਂ ਕਿਹਾ ਕਿ ਕੁਝ ਨਿੱਜੀ ਹਸਪਤਾਲ ਆਕਸੀਜਨ ਲਈ ਜਿਆਦਾ ਰੇਟ ਲੈ ਰਹੇ ਹਨ, ਜਿਸ ਦੀ ਸਿਹਤ ਵਿਭਾਗ, ਪੰਜਾਬ ਨੂੰ ਲਗਾਮ ਲਗਾਉਣ ਦੀ ਲੋੜ ਹੈ।

Tags

Related Articles

Leave a Reply

Your email address will not be published. Required fields are marked *

Back to top button
Close
Close