ਗੋਬਿੰਦ ਰਾਮਾਇਣ ‘ਤੇ ਭਖਿਆ ਵਿਵਾਦ, ਨਿਸ਼ਾਨੇ ‘ਤੇ ਪ੍ਰਧਾਨ ਮੰਤਰੀ ਮੋਦੀ

ਲੋਕ ਰਣ ਬਿਊਰੋ 14 ਅਗਸਤ 2020
ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਭੰਡਾਰੀ ਪੁਲ ‘ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਗਿਆ। ਦਰਅਸਲ ਰਾਮ ਮੰਦਰ ਦੇ ਨੀਂਹ ਪੱਥਰ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ “ਗੋਬਿੰਦ ਰਮਾਇਣ” ਲਿਖੀ ਗਈ ਸੀ। ਮੋਦੀ ਦੇ ਇਸ ਬਿਆਨ ਨੂੰ ਹਵਾਰਾ ਕਮੇਟੀ ਨੇ ਗੁੰਮਰਾਹਕੁਨ, ਬੇਬੁਨਿਆਦ, ਸਿੱਖ ਧਰਮ ‘ਚ ਦਖ਼ਲਅੰਦਾਜ਼ੀ ਤੇ ਕੌਮ ਦੇ ਜਜ਼ਬਾਤਾਂ ਨੂੰ ਪੀੜਤ ਕਰਨ ਵਾਲਾ ਬਿਆਨ ਕਰਾਰ ਦਿੱਤਾ ਹੈ। ਖ਼ਾਲਸਾ ਲੀਗ ਜਥੇਬੰਦੀ ਤੇ ਅਕਾਲ ਖ਼ਾਲਸਾ ਦਲ ਨੇ ਵੀ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ ਬਿਆਨ ਵਾਪਸ ਲੈਣ। ਇਸ ਰੋਸ ਪ੍ਰਦਰਸ਼ਨ ਦੌਰਾਨ ਗੁਰਬਾਣੀ ਦੀਆਂ ਪੰਕਤੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜੋ ਸਿੱਖ ਧਰਮ ਨੂੰ ਸਿਧਾਂਤਕ ਤੌਰ ’ਤੇ ਵੱਖਰੀ ਪਛਾਣ ਦਿੰਦੀਆਂ ਹਨ।
ਜਥੇਬੰਦੀ ਦੇ ਆਗੂਆਂ ਪ੍ਰੋਫ਼ੈਸਰ ਬਲਜਿੰਦਰ ਸਿੰਘ (ਹਵਾਰਾ ਕਮੇਟੀ), ਅਮਰੀਕ ਸਿੰਘ ਬੱਲੋਵਾਲ (ਖ਼ਾਲਸਾ ਲੀਗ) ਤੇ ਮਹਾਬੀਰ ਸਿੰਘ ਸੁਲਤਾਨਵਿੰਡ (ਅਕਾਲ ਖ਼ਾਲਸਾ ਦਲ) ਨੇ ਕਿਹਾ ਕਿ ਭਾਰਤ ‘ਚ ਅਨੇਕਾਂ ਕੌਮਾਂ ਹਨ। ਇਸ ਲਈ ਇੱਥੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਦੇ ਧਰਮ ਬਾਰੇ ਕੋਈ ਦੁਖਦਾਈ ਤੇ ਭੜਕਾਊ ਟਿੱਪਣੀ ਕਰਨੀ ਚਾਹੀਦੀ ਹੈ।
ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਬੰਸਾਵਲੀ ਨਾਲ ਜੋੜਨ ਦੇ ਦਿੱਤੇ ਬਿਆਨ ’ਤੇ ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ, ਤੇ ਸਿੱਖ ਕੌਮ ਦੇ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਇਕਬਾਲ ਸਿੰਘ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਉਹ ਅਪਣੀ ਜ਼ੁਬਾਨ ’ਤੇ ਕਾਬੂ ਰੱਖਣ ਤੇ ਸਿੱਖਾਂ ਨਾਲ ਨਾ ਟਕਰਾਉਣ।




