ChandigarhLatest NewsPunjabਖ਼ਬਰਾਂ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 400 ਬੂਟੇ ਲਾਉਣ ਲਈ ਰੂਪ ਰੇਖਾ ਤਿਆਰ

ਚੰਡੀਗੜ੍ਹ 12 ਅਗਸਤ 2020

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 400 ਬੂਟੇ ਲਾਉਣ ਦੀ ਰੂਪ ਰੇਖਾ ਤਿਆਰ ਕਰ ਲਈ ਗਈ ਹੈ ਅਤੇ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਤਿਆਰ ਕੀਤੀ ਵਿਆਪਕ ਯੋਜਨਾ ਤਹਿਤ ਹਰ ਇੱਕ ਪਿੰਡ ਵਿੱਚ 2 ਵਣ ਮਿੱਤਰ ਰੱਖੇ ਜਾਣਗੇ।
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਪੰਜਾਬ ਭਵਨ ਵਿਖੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨਾਲ ਮੀਟਿੰਗ ਦੌਰਾਨ ਇਸ ਯੋਜਨਾ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਸ. ਧਰਮਸੋਤ ਨੇ ਦੱਸਿਆ ਕਿ ਹਰ ਪਿੰਡ ’ਚ 400 ਬੂਟੇ ਲਾਉਣ ਦਾ ਕਾਰਜ ਮਨਰੇਗਾ ਕਾਮਿਆਂ ਦੀ ਸਹਾਇਤਾ ਨਾਲ ਨੇਪਰੇ ਚਾੜਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਯੋਜਨਾ ਨੂੰ ਸਫ਼ਲਤਾਪੂਰਬਕ ਮੁਕੰਮਲ ਕਰਨ ਲਈ ਜੰਗਲਾਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਸਾਂਝਾ ਕਾਰਜ ਕਰਨਗੇ ਅਤੇ ਇਸ ਸਬੰਧੀ ਛੇਤੀ ਹੀ ਲਿਖਤੀ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਸ. ਧਰਮਸੋਤ ਨੇ ਦੱਸਿਆ ਕਿ ਸੂਬੇ ਦੇ ਹਰ ਪਿੰਡ ਵਿੱਚ ਇੱਕ ਏਕੜ ਪੰਚਾਇਤੀ ਜ਼ਮੀਨ ’ਤੇ 400 ਦੇਸੀ ਕਿਸਮਾਂ ਦੇ ਬੂਟੇ ਲਾਏ ਜਾਣਗੇ ਅਤੇ ਇਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ 200 ਬੂਟੇ ਪਿੱਛੇ 1 ਵਣ ਮਿੱਤਰ ਰੱਖਿਆ ਜਾਵੇਗਾ, ਜੋ 3 ਸਾਲਾਂ ਤੱਕ ਬੂਟਿਆਂ ਦੀ ਸਾਂਭ-ਸੰਭਾਲ ਕਰੇਗਾ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਜੇਕਰ ਲਗਾਇਆ ਗਿਆ ਕੋਈ ਬੂਟਾ ਕਾਮਯਾਬ ਨਹੀਂ ਹੁੰਦਾ ਤਾਂ ਉਸਦੀ ਥਾਂ ਨਵਾਂ ਬੂਟਾ ਲਾਉਣਾ ਯਕੀਨੀ ਬਣਾਇਆ ਜਾਵੇਗਾ।
ਜੰਗਲਾਤ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਜੰਗਲਾਤ ਵਿਭਾਗ ਦੀਆਂ ਨਰਸਰੀਆਂ ’ਚ 85 ਲੱਖ ਦੇ ਕਰੀਬ ਬੂਟੇ ਤਿਆਰ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਲਗਭਗ 5 ਫੁੱਟ ਦੀ ਉਚਾਈ ਵਾਲੇ ਬੂਟੇ ਲਾਉਣ ਨੂੰ ਪਹਿਲ ਦਿੱਤੀ ਜਾਵੇਗੀ ਤਾਂ ਜੋ ਇਹ ਬੂਟੇ ਛੇਤੀ ਤਿਆਰ ਹੋ ਸਕਣ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ’ਚ ਕੰਮ ਆਉਣ। ਉਨਾਂ ਕਿਹਾ ਕਿ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ, ਫਿਰਨੀਆਂ, ਸੜਕਾਂ, ਸਕੂਲਾਂ ਵਿਖੇ ਉਪਲੱਬਧ ਖਾਲੀ ਥਾਂ ਵਿਖੇ ਲਾਏ ਜਾਣਗੇ।
ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਜੰਗਲਾਤ ਸ੍ਰੀਮਤੀ ਰਵਨੀਤ ਕੌਰ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਸ੍ਰੀ ਵਿਪੁਲ ਉਜਵਲ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਈਅਬ, ਵਧੀਕ ਸਕੱਤਰ ਜੰਗਲਾਤ ਸ੍ਰੀ ਰਵਿੰਦਰ ਸਿੰਘ ਅਤੇ ਪ੍ਰਧਾਨ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ ਆਦਿ ਹਾਜ਼ਰ ਸਨ।

Tags

Related Articles

Leave a Reply

Your email address will not be published. Required fields are marked *

Back to top button
Close
Close