ਪੰਜਾਬ ਕਾਂਗਰਸ ‘ਚ ਉੱਠੀਆਂ ਬਗਾਵਤੀ ਸੁਰਾਂ, ਕੈਬਨਿਟ ਮੰਤਰੀ ਚੰਨੀ ਦੇ ਘਰ ਹੋਈ ਵੱਡੇ ਨੇਤਾਵਾਂ ਦੀ ਅਹਿਮ ਮੀਟਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਬਗਾਵਤੀ ਸੁਰਾਂ ਨੇ ਪਾਰਟੀ ਆਲਾ ਕਮਾਨ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਲਗਾਤਾਰ ਇਸ ਮਾਮਲੇ ‘ਚ ਇਲਜ਼ਾਮਾਂ ਦਾ ਸਿਲਸਿਲਾ ਵਧਣ ਲੱਗਾ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਦੇ ਨਜ਼ਦੀਕੀਆਂ ਦੇ ਖਿਲਾਫ ਹੋਈ ਵਿਜੀਲੈਂਸ ਕਾਰਵਾਈ ਨੇ ਇਸ ਮਾਮਲੇ ਨੂੰ ਹੋਰ ਭੜਕਾ ਦਿੱਤਾ ਹੈ। ਇਸ ਦੇ ਚੱਲਦਿਆਂ ਅੱਜ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ‘ਚ 5 ਮੰਤਰੀਆਂ ਅਤੇ 7 ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ‘ਚ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਵਿਧਾਇਕ ਪ੍ਰਗਟ ਸਿੰਘ ਸਮੇਤ ਕਈ ਹੋਰ ਵੱਡੇ ਨੇਤਾ ਸ਼ਾਮਿਲ ਹੋਏ।
ਮੰਨਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਨਾਲ ਇਸ ਮਾਮਲੇ ਦੇ ਜਿਕਰ ਕਰਨ ਤੋਂ ਬਾਅਦ ਹੀ ਅੱਜ ਦੀ ਮੀਟਿੰਗ ਕੀਤੀ ਜਾ ਰਹੀ ਹੈ। ਉਂਮੀਦ ਹੈ ਕਿ ਇਸ ਮੀਟਿੰਗ ਤੋਂ ਬਾਅਦ ਪਾਰਟੀ ਤੋਂ ਨਾਰਾਜ਼ ਚੱਲ ਰਹੇ ਉਨ੍ਹਾਂ ਨੇਤਾਵਾਂ ਨੂੰ ਮਨਾਇਆ ਜਾ ਸਕੇਗਾ ਜਿਨ੍ਹਾਂ ਨੂੰ ਕੁਝ ਸ਼ਿਕਾਇਤਾਂ ਹਨ।
ਉਥੇ ਹੀ ਇਸ ਮਾਮਲੇ ‘ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਤੇ ਹਾਈਕਮਾਨ ਨੂੰ ਫੈਸਲਾ ਲੈਣਾ ਹੀ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਗੱਲ ਸਮਝਣੀ ਪਵੇਗੀ ਕਿ ਪਾਰਟੀ ‘ਚ ਬਗਾਵਤੀ ਸੁਰਾ ਕਿਉਂ ਉਠ ਰਹੀਆਂ ਹਨ, ਇਸਦਾ ਕੀ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਮੰਤਰੀ ‘ਤੇ ਇਲਜ਼ਾਮ ਲੱਗਦਾ ਹੈ ਕਿ ਤਾਂ ਉਸਨੂੰ ਸਾਹਮਣੇ ਆ ਕੇ ਆਪਣਾ ਪੱਖ ਤਾਂ ਰੱਖਣਾ ਹੀ ਪਵੇਗਾ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ‘ਤੇ ਵਿਜ਼ੀਲੈਂਸ ਕਾਰਵਾਈ ਹੋਈ ਸੀ ਅਤੇ ਪਾਰਟੀ ਦੇ ਅੰਦਰ ਹੀ ਵੱਡੇ ਨੇਤਾਵਾਂ ਨੇ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਸੀ। ਇਨ੍ਹਾਂ ‘ਚ ਵਿਧਾਇਕ ਪ੍ਰਗਟ ਸਿੰਘ ਵੀ ਸ਼ਾਮਿਲ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੀਐਮ ਦਫਤਰ ਤੋਂ ਉਨ੍ਹਾਂ ਦੇ ਸਲਾਹਕਾਰ ਸੰਦੀਪ ਸਿੰਘ ਸੰਧੂ ਨੇ ਧਮਕੀ ਦਿੱਤੀ ਸੀ। ਹਾਲਾਂਕਿ ਇਸ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਸੰਦੀਪ ਸੰਧੂ ਦੇ ਵੱਲੋਂ ਤਾਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ।




