breaking newsLatest NewsPoliticsPunjabਖ਼ਬਰਾਂ

‘ਬਾਦਲ ਅਤੇ ਮਜੀਠੀਆ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦੀ ਵਰਤੋਂ ਰਾਜਨੀਤਿਕ ਜਮੀਨ ਖੋਜਣ ਲਈ ਕਰਦੇ ਰਹੇ ਹਨ’

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੋਲ੍ਹੇ ਗਏ ਕੋਵਿਡ ਕੇਅਰ ਸੈਂਟਰਾਂ ਦਾ ਸਿਹਰਾ ਆਪਣੇ ਸਿਰ ਸਜਾਉਣ ਦਾ ਢੋਂਗ ਰਚ ਰਿਹਾ ਅਤੇ ਲੋਕਾਂ ਦੇ ਪੈਸੇ ਤੇ ਗੁਰੂ ਦੀ ਗੋਲਕ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ।  ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਨਿਰਦੋਸ਼ ਸਿੱਖਾਂ ਦੇ ਕਤਲ ਦੇ ਦੋਸ਼ੀ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ।

ਪਰ ਹੁਣ ਬਾਦਲ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ ਕੋਵਿਡ ਕੇਅਰ ਸੈਂਟਰਾਂ ਦੀ ਵਰਤੋਂ ਆਪਣੇ ਰਾਜਸੀ ਹਿੱਤਾ ਲਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਉਦਾਹਰਣ ਨਹੀਂ ਕਿ ਅਕਾਲੀ ਦਲ ਦੇ ਆਗੂਆਂ ਨੇ ਰਾਜਨੀਤਿਕ ਲਾਹਾ ਲੈਣ ਲਈ ਉਹਨਾਂ ਦੁਆਰਾ ਨਿਯੰਤਰਿਤ ਸ਼੍ਰੋਮਣੀ ਕਮੇਟੀ ਦੇ ਸਰੋਤਾਂ ਦੀ ਵਰਤੋਂ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਵੱਖ ਵੱਖ ਸਮਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮਜੀਠੀਆ ਪਰਿਵਾਰ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦੀ ਵਰਤੋਂ ਰਾਜਨੀਤਿਕ ਤੌਰ ’ਤੇ ਜ਼ਿੰਦਾ ਰਹਿਣ ਲਈ ਕਰਦੇ ਰਹੇ ਹਨ। ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਦਾਨ ’ਚੋਂ ਸ਼ਹੀਦ ਕਿਸਾਨ ਨੂੰ ਦਿੱਤੀ ਇੱਕ ਲੱਖ ਦੀ ਰਕਮ ਦੇਣ ਦੇ ਸਮਾਗਮ ਦੀ ਬਿਕਰਮ ਮਜੀਠੀਆ ਨੇ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਾਦਲ ਅਤੇ ਮਜੀਠੀਆ ਪਰਿਵਾਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਦੀ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕਰਨਾ ਬਹੁਤ ਹੀ ਨਿੰਦਰਣਯੋਗ ਕਾਰਵਾਈ ਹੈ। ਮਲਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸੰਸਥਾ ਹੈ ਅਤੇ ਸਮੂਹ ਸਿੱਖ ਸੰਗਤ ਸ਼੍ਰੋਮਣੀ ਕਮੇਟੀ ਨੂੰ ਆਪਣਾ ਦਸਵੰਧ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਉਪਰਾਲਿਆਂ ਦੀ ਵਰਤੋਂ ਬਾਦਲ ਅਤੇ ਮਜੀਠੀਆ ਪਰਿਵਾਰਾਂ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਨਹੀਂ ਕਰਨੀ ਚਾਹੀਦੀ। ਆਪ ਆਗੂਆਂ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਪਰਿਵਾਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ  ਦਾ ਹੌਸਲਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਆਪੋ ਆਪਣੇ ਸਾਧਨਾਂ ਨਾਲ ਕੋਵਿਡ ਕੇਟਰ ਸੈਂਟਰ ਸਥਾਪਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਬਾਦਲ ਦਲ ਆਗੂਆਂ ਨੇ ਪਹਿਲਾਂ ਹੀ ‘ਰਾਜ ਨਹੀਂ ਸੇਵਾ’ ਦਾ ਨਾਟਕ ਕਰਕੇ ਪੰਜਾਬ ਅਤੇ ਸਿੱਖ ਸੰਗਤ ਨੂੰ ਬਹੁਤ ਲੁੱਟਿਆ ਹੈ ਅਤੇ ਹੁਣ ਉਨ੍ਹਾਂ ਨੂੰ ਸਿੱਖ ਸੰਗਤ ਦੇ ਸਾਧਨਾਂ ’ਤੇ ਰਾਜਨੀਤਿਕ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ।

Tags

Related Articles

Leave a Reply

Your email address will not be published. Required fields are marked *

Back to top button
Close
Close