CM ਦੀ ਰਿਵਿਊ ਮੀਟਿੰਗ ਹੋਈ ਖ਼ਤਮ,ਦੇਖੋ ਲਾਕਡਾਊਨ ਸੰਬੰਧੀ ਸਰਕਾਰ ਨੇ ਕੀ ਲਿਆ ਫੈਸਲਾ?

ਪੰਜਾਬ:-ਪੰਜਾਬ ‘ਚ ਵਧ ਰਹੇ ਕੋਰੋਨਾ ਦੇ ਕਹਿਰ ਨੂੰ ਧਿਆਨ ‘ਚ ਰਖਦਿਆਂ ਮੁੱਖ ਮੰਤਰੀ ਨੇ ਅੱਜ ਕੋਵਿਡ ਰਿਵਿਊ ਮੀਟਿੰਗ ਕੀਤੀ।ਜਿਸਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਤੇ ਕਈ ਹੋਰ ਉੱਚ ਅਧਿਕਾਰੀ ਸ਼ਾਮਲ ਸਨ।ਦੱਸ ਦਈਏ ਕਿ ਇਹ ਰਿਵਿਊ ਮੀਟਿੰਗ 2 ਵਜੇ ਸ਼ੁਰੂ ਹੋਈ ਸੀ ਤੇ ਹੁਣ ਇਹ ਮੀਟਿੰਗ ਖ਼ਤਮ ਹੋ ਗਈ ਹੈ।ਸਭ ਤੋਂ ਪਹਿਲਾ ਤਾਂ ਰਾਹਤ ਵਾਲੀ ਖ਼ਬਰ ਇਹ ਹੈ ਕਿ ਪੰਜਾਬ ‘ਚ ਫਿਲਹਾਲ ਲਾਕਡਾਊਨ ਨਹੀਂ ਲੱਗੇਗਾ ਭਾਵੇਂ ਮੀਟਿੰਗ ‘ਤੋਂ ਪਹਿਲਾਂ ਬਲਬੀਰ ਸਿੱਧੂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਸੂਬੇ ‘ਚ ਲਾਕੳਡਾਊਨ ਦੀ ਜ਼ਰੂਰਤ ਹੈ ਅਤੇ ਕੋਰੋਨਾ ਨੂੰ ਲਾਕਡਾਊਨ ਰਾਹੀ ਹੀ ਕਾਬੂ ‘ਚ ਕੀਤਾ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਸੀ ਕਿ ‘ਮੈਂ ਅੱਜ ਮੁੱਖ ਮੰਤਰੀ ਤੋਂ ਮੰਗ ਕਰਾਂਗਾ ਕਿ ਸੂਬੇ ‘ਚ 10 ਦਿਨ ਦਾ ਲਾਕਡਾਊਨ ਲਗਾਇਆ ਜਾਵੇ’ ਤਾਂ ਜੋ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇ ਪਰ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਬਲਬੀਰ ਸਿੱਧੂ ਦੇ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਹੈ।ਬਲਬੀਰ ਸਿੱਧੂ ਦੇ ਇਸ ਬਿਆਨ ਕਾਰਨ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਮੁੱਖ ਮੰਤਰੀ ਦੀ ਇਸ ਮੀਟਿੰਗ ‘ਤੇ ਹੀ ਸਨ ਕਿਉਂਕਿ ਬਲਬੀਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਲੋਕ ਕਾਫੀ ਸਹਿਮ ਗਏ ਸਨ ਅਤੇ ਲੋਕਾਂ ‘ਚ ਡਰ ਸੀ ਕਿ ਅੱਜ ਲਾਕਡਾਊਨ ਨਾ ਲੱਗ ਜਾਵੇ। ।
ਕੀ ਕੁੱਝ ਹੋਇਆ ਮੀਟਿੰਗ ‘ਚ?
ਸਭ ਤੋਂ ਪਹਿਲਾਂ ਤਾਂ ਸਰਕਾਰ ਨੇ ਪੰਜਾਬ ‘ਚ ਕੋਈ ਨਵੀਂ ਬੰਦਿਸ਼ ਨਹੀਂ ਲਗਾਈ ਹੈ ਬਲਕਿ ਪੁਰਾਣੀਆਂ ਹਿਦਾਇਤਾਂ ਹੀ ਲਾਗੂ ਰੱਖਣ ਲਈ ਕਿਹਾ ਹੈ।ਸਰਕਾਰ ਇੱਕ ਹਫਤਾ ਪੁਰਾਣੀਆਂ ਹਿਦਾਇਤਾਂ ‘ਤੇ ਹੀ ਨਜ਼ਰ ਰੱਖੇਗੀ ਅਤੇ ਅਗਲੀ ਰਿਵਿਊ ਮੀਟਿੰਗ ‘ਚ ਹਿਦਾਇਤਾਂ ਨੂੰ ਬਦਲਣਾ ਹੈ ਜਾਂ ਨਹੀਂ ਬਾਰੇ ਵਿਚਾਰ ਕਰੇਗੀ।ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਪੱਤਰਕਾਰ ਅਤੇ ਬਿਜਲੀ ਵਿਭਾਗ ਦੇ ਵਰਕਰਾਂ ਨੂੰ ਫਰੰਟਲਾਈਨ ਵਰਕਰਾਂ ਦੀ ਸੂਚੀ ‘ਚ ਸ਼ਾਮਿਲ ਕੀਤਾ ਹੈ।ਇਸਦੇ ਨਾਲ ਹੀ ਸਰਕਾਰ ਨੇ ਕੋਰੋਨਾ ਮਰੀਜ਼ਾ ਲਈ ਆਕਸੀਜਨ ਅਤੇ ਹਸਪਤਾਲਾਂ ‘ਚ ਵੈਂਟੀਲੇਟਰਾਂ ਦਾ ਪ੍ਰਬੰਧ ਕਰਨ ਦਾ ਐਲਾਨ ਵੀ ਕੀਤਾ ਹੈ




