ਸੁਖਦੇਵ ਸਿੰਘ ਢੀਂਡਸਾ ਦਾ ਅਕਾਲੀ ਦਲ ਬਾਦਲ ਨੂੰ ਇਕ ਹੋਰ ਝਟਕਾ | Sukhdev Singh Dhindsa

ਚੰਡੀਗੜ੍ਹ 23 ਜੁਲਾਈ 2020
ਅੱਜ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਦਿੱਤਾ ਹੈ। ਢੀਂਡਸਾ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਰਣਜੀਤ ਸਿੰਘ ਤਲਵੰਡੀ ਨੂੰ ਆਪਣੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਿਰੋਪਾ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਰਦਾਰ ਜਗਦੇਵ ਸਿੰਘ ਤਲਵੰਡੀ ਪੰਥ ਦੀਆਂ ਉਹਨਾਂ ਮਹਾਨ ਸਖਸ਼ੀਅਤਾਂ ਵਿੱਚ ਸ਼ੁਮਾਰ ਹਨ ਜਿਹਨਾਂ ਪੰਥਕ ਰਵਾਇਤਾਂ ਤੇ ਸਿਧਾਂਤਾਂ ਉੱਪਰ ਪੂਰੀ ਨਿਡਰਤਾ ਨਾਲ ਪਹਿਰਾ ਦਿੰਦਿਆਂ ਸ਼ਰੋਮਣੀ ਅਕਾਲੀ ਦਲ ਦੀ ਤਾਕਤ ਦਾ ਲੋਹਾ ਮੰਨਵਾਇਆ। ਇਸ ਕਰਕੇ ਹੀ ਉਹਨਾਂ ਨੂੰ ਲੋਹ ਪੁਰਸ਼ ਕਹਿਕੇ ਸਤਿਕਾਰ ਦਿੱਤਾ ਜਾਂਦਾ ਹੈ। ਉਹਨਾਂ ਦਾ ਸਮੁੱਚਾ ਪਰਿਵਾਰ ਇਸ ਪੱਖੋਂ ਵਧਾਈ ਦਾ ਪਾਤਰ ਹੈ ਜਿਹਨਾਂ ਜਥੇਦਾਰ ਤਲਵੰਡੀ ਜੀ ਦੇ ਪਦ ਚਿੰਨਾਂ ਉੱਤੇ ਚੱਲਦਿਆਂ ਸ਼ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਤੇ ਪੰਥਕ ਰਵਾਇਤਾਂ ‘ਤੇ ਤੁਰਨ ਵਾਲੀ ਪੰਥਕ ਜਥੇਬੰਦੀ ਨਾਲ ਡੱਟਕੇ ਖੜ੍ਹਣ ਦਾ ਐਲਾਨ ਕੀਤਾ ਹੈ। ਪੰਥ ਹਲਕਿਆਂ ਅੰਦਰ ਮਾਣ ਸਤਿਕਾਰ ਵਾਲੇ ਪਰਿਵਾਰ ਦੇ ਜੁੜਣ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਰਣਜੀਤ ਸਿੰਘ ਤਲਵੰਡੀ ਤੇ ਉਹਨਾਂ ਦੇ ਸਾਥੀਆਂ ਦਾ ਸਾਡੀ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਦਾ ਭਰਪੂਰ ਸਵਾਗਤ ਕਰਦਾ ਹਾਂ।



