ਹਰਿਆਣਾ ਕਮੇਟੀ ਚੋਣਾਂ ਦੀ ਪ੍ਰਕਿਰਿਆ ‘ਤੇ ਭੜਕੇ ਦਾਦੂਵਾਲ

ਹਰਿਆਣਾ 13 ਅਗਸਤ 2020
ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਹੋਈਆਂ। ਟੱਕਰ ‘ਚ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਧੜਾ ਹੈ। ਵੋਟਿੰਗ ਤਾਂ ਖ਼ਤਮ ਹੋ ਚੁੱਕੀ ਹੈ, ਪਰ ਦਾਦੂਵਾਲ ਨੇ ਵੋਟਿੰਗ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਚੋਣ ਅਧਿਕਾਰੀ ਦੀ ਸ਼ਿਕਾਇਤ ਐੱਸਡੀਐੱਮ ਨੂੰ ਕੀਤੀ ਹੈ। ਦਰਅਸਲ ਡੀਸੀ ਕੈਥਲ ਤੇ ਐੱਸਪੀ ਕੈਥਲ ਨੂੰ ਪਹਿਲਾਂ ਹੀ ਦਾਦੂਵਾਲ ਨੇ ਇਤਰਾਜ਼ ਜਤਾਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਿਆਣਾ ਕਮੇਟੀ ‘ਚ ਵੋਟ ਪਾਉਣ ਦਾ ਅਧਿਕਾਰ ਨਹੀਂ ਰੱਖਦੇ। ਇਸ ਬਾਰੇ ਚੋਣ ਅਧਿਕਾਰੀ ਕੋਲ ਵੀ ਇਤਰਾਜ਼ ਜਤਾਇਆ ਗਿਆ ਸੀ। ਪਰ ਚੋਣ ਅਧਿਕਾਰੀ ਦਰਸ਼ਨ ਸਿੰਘ ਪੱਖਪਾਤੀ ਰਵੱਈਆ ਅਪਣਾਅ ਰਹੇ ਹਨ। ਓਧਰ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੌਰਾਨ ਅੱਜ ਮਾਹੌਲ ਤਣਾਅਪੂਰਨ ਵੀ ਬਣਿਆ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲਾ ਨੂੰ ਸ਼ਾਂਤ ਕਰਦਿਆਂ ਵੋਟਿੰਗ ਮੁੜ ਤੋਂ ਸ਼ੁਰੂ ਕਰਵਾ ਦਿੱਤੀ ਸੀ। ਖੈਰ, ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਤਾਂ ਕਈ ਖੜ੍ਹੇ ਕੀਤੇ ਹਨ, ਇਲਜ਼ਾਮ ਵੀ ਗੰਭੀਰ ਹਨ, ਪਰ ਕੀ ਇਹਨਾਂ ਇਲਜ਼ਾਮਾਂ ਦੀ ਪੜਤਾਲ ਹੋਵੇਗੀ? ਇਹ ਵੱਡਾ ਸਵਾਲ ਹੈ।




