ਪੱਛਮੀ ਬੰਗਾਲ ਸਰਕਾਰ ਨੇ 16 ਤੋਂ 30 ਮਈ ਤੱਕ ਲਗਾਇਆ ਪੂਰਨ ਲਾਕਡਾਊਨ

ਪੱਛਮੀ ਬੰਗਾਲ : ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਪੱਛਮੀ ਬੰਗਾਲ ਸਰਕਾਰ ਨੇ ਕੋਰੋਨਾ ਫ਼ੈਲਣ ਤੋਂ ਰੋਕਣ ਲਈ ਸੂਬੇ ‘ਚ 16 ਤੋਂ 30 ਮਈ ਤੱਕ ਪੂਰਨ ਲਾਕਡਾਊਨ ਲਗਾਉਣ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਮੁੱਖ ਸਕੱਤਰ ਏ. ਬੰਦੋਪਾਧਿਆਏ ਨੇ ਕਿਹਾ,”ਅਸੀਂ ਮਹਾਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਐਤਵਾਰ ਸਵੇਰੇ 6 ਵਜੇ ਤੋਂ 30 ਮਈ ਦੀ ਸ਼ਾਮ 6 ਵਜੇ ਤੱਕ ਸਖ਼ਤ ਕਦਮ ਉਠਾ ਰਹੇ ਹਾਂ।” ਉਨ੍ਹਾਂ ਕਿਹਾ ਕਿ ਇਸ ਮਿਆਦ ਦੌਰਾਨ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ, ਸ਼ਾਪਿੰਗ ਕੰਪਲੈਕਸ, ਮਾਲ, ਬਾਰ, ਖੇਡ ਕੰਪਲੈਕਸ, ਪਬ ਅਤੇ ਬਿਊਟੀ ਪਾਰਲਰ ਬੰਦ ਰਹਿਣਗੇ।
15 ਦਿਨਾਂ ਦੇ ਲਾਕਡਾਊਨ ਦੌਰਾਨ ਨਿੱਜੀ ਵਾਹਨ, ਟੈਕਸੀ, ਬੱਸ, ਮੈਟਰੋ, ਟਰੇਨਾਂ ਵੀ ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ,”ਪੈਟਰੋਲ ਪੰਪ ਖੁੱਲ੍ਹੇ ਰਹਿਣਗੇ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਦੁੱਧ, ਪਾਣੀ, ਦਵਾਈ, ਬਿਜਲੀ, ਅੱਗ ਬਝਾਊ, ਕਾਨੂੰਨ ਅਤੇ ਵਿਵਸਥਾ ਅਤੇ ਮੀਡੀਆ ਇਸ ਪਾਬੰਦੀ ਦੇ ਦਾਇਰੇ ‘ਚ ਨਹੀਂ ਆਉਣਗੇ।” ਈ-ਕਾਮਰਸ ਅਤੇ ਘਰ ‘ਤੇ ਸਾਮਾਨ ਪਹੁੰਚਾਉਣ (ਹੋਮ ਡਿਲਿਵਰੀ) ਦੀਆਂ ਸੇਵਾਵਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ।




