breaking newsLatest NewsPoliticsPunjabਖ਼ਬਰਾਂ

ਜੇ ਕਾਂਗਰਸੀ ਮੰਤਰੀ ਸੱਚਮੁੱਚ ਗੰਭੀਰ ਤਾਂ ਦੋਸ਼ੀਆਂ ਨੂੰ ਬਚਾਉਣ ਵਾਲੇ ਕੈਪਟਨ ਦੀ ਵਜ਼ਾਰਤ ਵਿਚੋਂ ਦੇਣ ਅਸਤੀਫੇ

ਚੰਡੀਗੜ੍ਹ :  ਹੱਥ ਵਿਚ ਸ੍ਰੀ ਗੁਟਕਾ ਸਾਹਿਬ ਫੜ੍ਹ ਕੇ ਬਰਗਾੜੀ ਅਤੇ ਹੋਰ ਸਥਾਨਾਂ ਤੇ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਦੋਸ਼ੀ ਵਿਅਕਤੀਆਂ ਉੱਪਰ ਕਾਰਵਾਈ ਦੀ ਝੂਠੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਮੰਤਰੀਆਂ  ਉੱਤੇ ਵਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਦੋਹਰੀ ਬੇਅਦਬੀ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਹੁਣ 2022 ਦੀਆਂ ਚੋਣਾਂ ਨੂੰ ਨੇੜੇ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਮੰਤਰੀ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਆਪਸ ਵਿੱਚ ਗੁੱਥਮ ਗੁੱਥਾ ਹੋਣ ਦਾ ਨਾਟਕ ਰਚ ਰਹੇ ਹਨ।

ਚੀਮਾ ਨੇ ਕਿਹਾ ਕਿ 4 ਸਾਲ ਤੱਕ ਆਪਣੀ ਸਰਕਾਰ ਵਿੱਚ ਰੇਤਾ ਬਜਰੀ, ਟਰਾਂਸਪੋਰਟ, ਨਸ਼ਾ, ਭੂ ਅਤੇ ਸ਼ਰਾਬ ਮਾਫੀਆ ਚਲਾ ਕੇ ਹੁਣ ਕਾਂਗਰਸੀ ਮੰਤਰੀ ਅਤੇ ਨੇਤਾ ਸੱਚੇ ਹੋਣ ਦਾ ਨਾਟਕ ਕਰਕੇ ਆਮ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਕਰ ਰਹੇ ਹਨ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਤੇ ਉਨਾਂ ਨੂੰ ਬਚਾਉਣ ਵਾਲਿਆਂ ਖਲਿਾਫ ਆਵਾਜ ਚੁੱਕਦੀ ਆਈ ਹੈ ਪ੍ਰੰਤੂ ਹੁਣ ਸੱਚੇ ਬਣ ਰਹੇ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੇ ਕਦੇ ਵੀ ਆਮ ਆਦਮੀ ਪਾਰਟੀ ਦਾ ਇਸ ਮੁੱਦੇ ਉੱਤੇ ਸਾਥ ਨਹੀਂ ਦਿੱਤਾ।

ਕਾਂਗਰਸੀ ਮੰਤਰੀਆਂ ਉੱਤੇ ਵਰਦਿਆਂ ਚੀਮਾ ਨੇ ਕਿਹਾ ਕਿ ਉਹ ਦੱਸਣ ਕਿ ਹੁਣ ਤਕ ਉਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਪ੍ਰਾਪਤ ਕਰਨ ਲਈ ਅਖਬਾਰੀ ਬਿਆਨਬਾਜੀ ਤੋਂ ਬਿਨਾਂ ਮੁੱਖ ਮੰਤਰੀ ਉੱਤੇ ਹੋਰ ਕਿਹੜਾ ਦਬਾਅ ਬਣਾਇਆ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਹੀ ਮੰਤਰੀ ਸੁੱਖੀ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਨਸਾਫ਼ ਦੀ ਮੰਗ ਲਈ ਝੋਲੀਆਂ ਅੱਡਣ ਦਾ ਨਾਟਕ ਕਰ ਚੁੱਕੇ ਹਨ ਪ੍ਰੰਤੂ ਬਾਹਰ ਆ ਕੇ ਉਹ ਫਿਰ ਉਸੇ ਸਰਕਾਰ ਦਾ ਹਿੱਸਾ ਬਣ ਕੇ ਕਾਰਜ ਕਰਦੇ ਰਹੇ।

ਉਨਾਂ ਕਿਹਾ ਕਿ ਇਹੀ ਮੰਤਰੀ ਬਰਗਾੜੀ ਮੋਰਚੇ ਵਿਚ ਜਾ ਕੇ ਇਨਸਾਫ ਦਾ ਵਾਅਦਾ ਕਰਕੇ ਆਏ ਸਨ ਪ੍ਰੰਤੂ ਵਾਪਸ ਚੰਡੀਗੜ ਆ ਕੇ ਕੈਪਟਨ ਦੀ ਵਜ਼ਾਰਤ ਦਾ ਆਨੰਦ ਲੈਂਦਿਆਂ ਸਾਰੇ ਵਾਅਦਿਆਂ ਨੂੰ ਭੁੱਲ ਗਏ। ਉਨਾਂ ਕਿਹਾ ਕਿ ਜਦੋਂ ਵਜ਼ੀਰਾਂ ਦਾ ਹੀ ਆਪਣੀ ਕੈਬਨਿਟ ਵਿੱਚੋਂ ਵਿਸ਼ਵਾਸ ਉੱਠ ਗਿਆ ਤਾਂ ਅਜਿਹੀ ਹਾਲਤ ਵਿੱਚ ਕਿਸੇ ਵੀ ਸਰਕਾਰ ਨੂੰ ਸੱਤਾ ਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਚੀਮਾ ਨੇ ਯਾਦ ਦਿਵਾਉਦਿਆਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਸ਼੍ਰੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਝੂਠੀ ਸਹੁੰ ਖਾ ਰਹੇ ਸਨ ਤਾਂ ਇਨਾਂ ਵਿੱਚੋਂ ਕਈ ਮੰਤਰੀ ਸਟੇਜ ਉੱਤੇ ਖੜ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਰਹੇ ਸਨ।

ਉਨਾਂ ਕਿਹਾ ਕਿ ਅਸਲ ਵਿੱਚ ਅਕਾਲੀ-ਕਾਂਗਰਸੀ ਮਿਲੇ ਹੋਏ ਹਨ ਅਤੇ ਪਿਛਲੇ 70 ਸਾਲ ਤੋਂ ਇਸੇ ਤਰਾਂ ਹੀ ਪੰਜਾਬ ਦੇ ਲੋਕਾਂ ਨੂੰ ਅਲੱਗ ਅਲੱਗ ਗੱਲਾ ਵਿੱਚ ਉਲਝਾ ਕੇ ਅਸਲ ਮੁੱਦਿਆਂ ਤੋਂ ਭਟਕਾ ਕੇ ਸੱਤਾ ਪ੍ਰਾਪਤ ਕਰਦੇ ਰਹੇ ਹਨ। ਉਨਾਂ ਕਿਹਾ ਕਿ ਅਕਾਲੀਆਂ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਹੀ ਆਜ਼ਾਦੀ ਤੋਂ 70 ਸਾਲ ਬਾਅਦ ਵੀ ਪੰਜਾਬ ਦੇ ਲੋਕ ਕਿਸੇ ਵੀ ਪ੍ਰਕਾਰ ਦਾ ਇਨਸਾਫ ਲੈਣ ਵਿਚ ਨਾਕਾਮਯਾਬ ਸਿੱਧ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਆਪਣੇ ਗੁਰੂ ਦੀ ਬੇਅਦਬੀ ਲਈ ਜ਼ਿੰਮੇਵਾਰ ਆਗੂਆਂ ਅਤੇ ਉਨਾਂ ਨੂੰ ਬਚਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ।

ਕਾਂਗਰਸ ਦੇ ਵਿਧਾਇਕਾਂ ਦੁਆਰਾ ਕੈਪਟਨ ਅਮਰਿੰਦਰ ਸਿੰਘ ਉੱਤੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਬੋਲਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਫੋਕੀਆਂ ਬਿਆਨਬਾਜ਼ੀਆਂ ਤੋਂ ਪ੍ਰੇਸਾਨ ਹੋ ਚੁੱਕੀ ਹੈ ਅਤੇ ਸਾਰਥਕ ਕਦਮ ਦੀ ਆਸ ਕਰ ਰਹੀ ਹੈ। ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਭਾਵੇਂ ਆਪਣੀ ਸਰਕਾਰ ਦੇ ਖ਼ਿਲਾਫ਼ ਸਵਾਲ ਚੁੱਕ ਰਹੇ ਹਨ ਪ੍ਰੰਤੂ ਅਜੇ ਵੀ ਵਿਧਾਇਕ ਦੀ ਕੁਰਸੀ ਉੱਤੇ ਸੁਸ਼ੋਭਿਤ ਹਨ। ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੂੰ ਤੁਰੰਤ ਇਸ ਮਾਫੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀਆਂ ਨੂੰ ਬਚਾਉਣ ਵਾਲੀ ਸਰਕਾਰ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

 

Tags

Related Articles

Leave a Reply

Your email address will not be published. Required fields are marked *

Back to top button
Close
Close