breaking newsLatest NewsPunjabਖ਼ਬਰਾਂ

ਜ਼ਿਲ੍ਹਾ ਪ੍ਰਸ਼ਾਸਨ ਦੀ ਉੱਚ ਪੱਧਰੀ ਟੀਮ ਵੱਲੋਂ ਅਚਨਚੇਤ ਨਿਰੀਖਣ ਦੌਰਾਨ ਸਭ ਕੁਝ ਪਾਇਆ ਗਿਆ ਦਰੁਸਤ

ਪਟਿਆਲਾ : ਰਾਜਿੰਦਰਾ ਹਸਪਤਾਲ ਪਟਿਆਲਾ ਨਾਲ ਸਬੰਧਿਤ ਸੋਸ਼ਲ ਮੀਡੀਆ ‘ਤੇ ਹੋ ਰਹੇ ਝੂਠੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਅੱਜ ਹਸਪਤਾਲ ਦੇ ਕੋਵਿਡ ਵਾਰਡ ਦਾ ਅਚਾਨਕ ਦੌਰਾ ਕੀਤਾ। ਪੀ.ਪੀ.ਈ. ਕਿੱਟ ਪਹਿਨ ਕੇ ਡਿਪਟੀ ਕਮਿਸ਼ਨਰ ਨੇ ਹੋਰ ਅਧਿਕਾਰੀਆਂ ਨਾਲ ਕੋਵਿਡ ਵਾਰਡ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ, ਸੰਕਟ ਦੀ ਇਸ ਘੜੀ ਵਿੱਚ ਕੋਵਿਡ ਮਰੀਜ਼ਾਂ ਦਾ ਮਿਆਰੀ ਇਲਾਜ ਯਕੀਨੀ ਬਣਾ ਕੇ ਮਨੁੱਖਤਾ ਦੀ ਸਹੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਡਾਕਟਰ, ਪੈਰਾ ਮੈਡੀਕਲ ਸਟਾਫ਼, ਸੈਨੇਟਰੀ ਕਰਮਚਾਰੀਆਂ ਸਮੇਤ ਸਾਰੀ ਟੀਮ ਪੂਰੇ ਜੋਸ਼ ਨਾਲ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਸੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ ਨਾ ਸਿਰਫ਼ ਪਟਿਆਲਾ, ਬਲਕਿ ਪੂਰੇ ਮਾਲਵਾ ਖੇਤਰ ਅਤੇ ਹੋਰ ਸੂਬਿਆਂ ਦੇ ਲੋਕਾਂ ਦੀ ਸੇਵਾ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਸਮਰਪਿਤ ਟੀਮ ਦੁਆਰਾ ਨਿਭਾਈ ਸ਼ਾਨਦਾਰ ਸੇਵਾ ਨੂੰ ਇਤਿਹਾਸ ਵਿਚ ਸੁਨਹਿਰੀ ਸ਼ਬਦਾਂ ਵਿਚ ਲਿਖਿਆ ਜਾਵੇਗਾ। ਸ੍ਰੀ ਕੁਮਾਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਸ ਪ੍ਰਮੁੱਖ ਸੰਸਥਾ ਖ਼ਿਲਾਫ਼ ਕੀਤਾ ਪ੍ਰਚਾਰ ਬੇਤੁਕਾ, ਹਕੀਕਤ ਤੋਂ ਕੋਹਾਂ ਦੂਰ ਅਤੇ ਪੂਰੀ ਤਰ੍ਹਾਂ ਬੇਬੁਨਿਆਦ ਹੈ। ਇਸ ਅਚਨਚੇਤ ਦੌਰੇ ਦੌਰਾਨ ਡਾਕਟਰ, ਨਰਸਾਂ ਅਤੇ ਵਾਰਡ ਅਟੈਂਡੈਂਟ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਪਾਏ ਗਏ ਅਤੇ ਮਰੀਜ਼ਾਂ ਦੀ ਨਿਯਮਿਤ ਦੇਖਭਾਲ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਵਾਰਡ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਹੋਈ ਸੀ ਅਤੇ ਆਈ.ਸੀ.ਯੂ. ਫਲੋਰ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਸਾਫ਼ ਦਿਖਾਈ ਦੇ ਰਹੀ ਸੀ। ਵਾਸ਼ਰੂਮ ਦੀ ਚੈਕਿੰਗ ਦੌਰਾਨ ਵੀ ਸਫ਼ਾਈ ਤਸੱਲੀਬਖਸ਼ ਪਾਈ ਗਈ ਅਤੇ ਸੇਵਾਦਾਰ ਆਪਣੀਆਂ ਸ਼ਾਨਦਾਰ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।

ਹਾਲਾਂਕਿ ਇਹ ਦੇਖਿਆ ਗਿਆ ਹੈ ਕਿ ਜ਼ਿਆਦਾ ਮਰੀਜ਼ਾਂ ਦੇ ਹਸਪਤਾਲ ਆਉਣ ਕਾਰਨ ਵਾਸ਼ਰੂਮਾਂ ਦੀ ਨਿਯਮਤ ਸਫ਼ਾਈ ਦੀ ਲੋੜ ਹੁੰਦੀ ਹੈ ਜਿਸ ਲਈ ਸੇਵਾਦਾਰ ਪਹਿਲਾਂ ਹੀ ਡਿਊਟੀ ‘ਤੇ ਲਗਾਏ ਹੋਏ ਸਨ। ਬਹੁਤ ਸਾਰੇ ਮਰੀਜ਼ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹੋਏ ਆਪਣੇ ਮਾਸਕ ਹਟਾ ਲੈਂਦੇ ਹਨ ਜਿਸਦੇ ਗੰਭੀਰ ਨਤੀਜੇ ਹੋ ਸਕਦੇ ਹਨ, ਇਸ ਤੋਂ ਬਚਣ ਲਈ ਹਸਪਤਾਲ ਦੇ ਅਮਲੇ ਦੁਆਰਾ ਨਿਯਮਤ ਕਾਊਂਸਲਿੰਗ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਮਰੀਜ਼ਾਂ ਨੂੰ ਖਾਣ ਪੀਣ ਦੇ ਪਦਾਰਥਾਂ ਦੀ ਨਿਯਮਿਤ ਸਪਲਾਈ ਕੀਤੀ ਜਾ ਰਹੀ ਸੀ ਜਿਸ ਲਈ ਪਹਿਲਾਂ ਤੋਂ ਹੀ ਇਕ ਵਿਵਹਾਰਕ ਢੰਗ ਅਪਣਾਇਆ ਗਿਆ ਸੀ।

ਅਧਿਕਾਰੀਆਂ ਨੇ ਕੰਟਰੋਲ ਰੂਮ ਦੀ ਜਾਂਚ ਵੀ ਕੀਤੀ ਜਿੱਥੇ ਸਲਾਹਕਾਰ ਅਤੇ ਡਾਕਟਰ ਨਿਯਮਤ ਤੌਰ ‘ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਸਿਹਤ ਦੀ ਸਥਿਤੀ ਬਾਰੇ ਅਪਡੇਟ ਦੇ ਰਹੇ ਸਨ। ਅਧਿਕਾਰੀਆਂ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਇਸ ਸੰਕਟ ਦੀ ਘੜੀ ਨਾਲ ਨਜਿੱਠਣ ਲਈ ਇੱਕ ਮਾਨਵ ਹਿਤੈਸ਼ੀ ਪਹੁੰਚ ਅਪਣਾਉਣ ਲਈ ਕਿਹਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਰਜਿੰਦਰਾ ਹਸਪਤਾਲ ਦੇ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਤੋਂ ਇਲਾਵਾਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਡਾ. ਵਿਸ਼ਾਲ ਚੋਪੜਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਸਚਿਨ ਕੌਸ਼ਲ ਤੇ ਨਰਸਿੰਗ ਸੁਪਰਡੈਂਟ ਸਿਸਟਰ ਗੁਰਕਿਰਨ ਕੌਰ ਵੀ ਮੌਜੂਦ ਸਨ।

Tags

Related Articles

Leave a Reply

Your email address will not be published. Required fields are marked *

Back to top button
Close
Close