ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ | Akal Takhat | Jathedar

ਅੰਮ੍ਰਿਤਸਰ 14 ਅਗਸਤ 2020
ਲੋਕਾਂ ਦੇ ਘਰਾਂ ‘ਚੋਂ ਜਬਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕ ਕੇ ਲਿਆਉਣ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਜਾਰੀ ਕੀਤਾ ਹੈ ਕਿ ਸਤਿਕਾਰ ਕਰਨਾ ਹਰੇਕ ਵਿਅਕਤੀ ਦਾ ਨੈਤਿਕ ਫ਼ਰਜ਼ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਂ ‘ਤੇ ਕੁਝ ਵਿਅਕਤੀਆਂ ਵੱਲੋਂ ਨਿੱਜੀ ਜਥੇਬੰਦੀਆਂ ਬਣਾ ਕੇ ਸੰਗਤਾਂ ਨਾਲ ਧੱਕੇਸ਼ਾਹੀ ਕਰਨੀ ਉਚਿੱਤ ਨਹੀਂ ਹੈ। ਅਜਿਹੀਆਂ ਧੱਕੇਸ਼ਾਹੀਆਂ ਕਰਨ ਵਾਲੀ ਇੰਨ੍ਹਾਂ ਜਥੇਬੰਦੀਆਂ ਦੇ ਖ਼ਿਲਾਫ਼ ਪਹਿਲਾਂ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ,ਜਿੰਨਾਂ ਦੀ ਜਾਂਚ ਚੱਲ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਹੋਏ ਆਦੇਸ਼ ਅਨੁਸਾਰ ਕਿਸੇ ਵੀ ਜਥੇਬੰਦੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਵਾਨਗੀ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜ਼ਬਰਦਸਤੀ ਲਿਜਾਉਣ ਦੀ ਇਜਾਜ਼ਤ ਨਹੀਂ ਹੈ। ਜੇਕਰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸਤਿਕਾਰ ਵਿੱਚ ਘਾਟ ਹੈ ਤਾਂ ਸੰਗਤ ਨੂੰ ਉਸ ਸਬੰਧੀ ਪਿਆਰ ਨਾਲ ਗੁਰਮਤਿ ਦੀ ਰੌਸ਼ਨੀ ਵਿੱਚ ਸਮਝਾਇਆ ਜਾਵੇ।
ਕੀ ਸੀ ਮਾਮਲਾ?
ਦੱਸਣਾ ਬਣਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਹ ਆਦੇਸ਼ ਉਸ ਘਟਨਾ ਦੇ ਸਬੰਧ ‘ਚ ਦਿੱਤੇ ਗਏ ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਜਲਾਲ ‘ਚ ਵਾਪਰੀ ਸੀ। ਘਟਨਾ ਮੁਤਾਬਕ ਅੰਮ੍ਰਿਤਧਾਰੀ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਜਬਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕ ਲਏ ਗਏ ਸਨ। ਇਲਜ਼ਾਮ ਲਗਾਏ ਗਏ ਸਨ ਕਿ ਜਸਵੰਤ ਸਿੰਘ ਮਾਸਾਹਾਰੀ ਹਨ। ਓਧਰ ਸਿੱਖ ਬੁੱਧੀਜੀਵੀਆਂ ਦਾ ਤਰਕ ਹੈ ਕਿ ਸਿੱਖ ਧਰਮ ਵਿੱਚ ਹਲਾਲ ਖਾਣਾ ਮਨ੍ਹਾ ਹੈ। ਸਿੱਖ ਬੁੱਧੀਜੀਵੀਆਂ ਨੇ ਅਜਿਹੇ ਮੁੱਦਿਆਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫ਼ੈਸਲਾ ਲੈਣ ਦੀ ਅਪੀਲ ਕੀਤੀ ਸੀ।




