ਬਾਜਵਾ ਦਾ ਚਿੱਠੀ ਬੰਬ- ਕਿੱਥੇ ਹੈ ਪੰਜਾਬ ਦੇ 13 ਲੱਖ ਸਕੂਲੀ ਵਿਦਿਆਰਥੀਆਂ ਦਾ ਰਾਸ਼ਨ ?

ਚੰਡੀਗੜ੍ਹ 16 ਜੁਲਾਈ 2020
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ। ਬਾਜਵਾ ਦਾ ਕਹਿਣੈ ਕਿ ਪੰਜਾਬ ਦੇ 13 ਲੱਖ ਸਕੂਲੀ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਦਾ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਜਦਕਿ ਕੋਵਿਡ-19 ਦੇ ‘ਲੌਕਡਾਊਨ’ ਦੌਰਾਨ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਜ਼ਰੂਰੀ ਹੈ।
ਬਾਜਵਾ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਪੰਜਾਬ ‘ਚ ਮਾਰਚ 23 ਤੋਂ ਲੈ ਕੇ 15 ਅਪ੍ਰੈਲ ਤੱਕ 24 ਦਿਨ ਮਿਡ ਡੇਅ ਮੀਲ ਦਾ ਰਾਸ਼ਨ ਬੱਚਿਆਂ ਦੇ ਘਰ ਘਰ ਪਹੁੰਚਾਇਆ ਗਿਆ ਸੀ ਪਰ ਬਾਅਦ ‘ਚ ਪੰਜਾਬ ਸਰਕਾਰ ਨੇ ਇਹ ਰਾਸ਼ਨ ਬੱਚਿਆਂ ਤੱਕ ਪਹੁੰਚਦਾ ਨਹੀਂ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਸਰਕਾਰ ਬੱਚਿਆਂ ਨੂੰ ਮਿਡ ਡੇਅ ਮੀਲ ਦਾ ਰਾਸ਼ਨ ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ।
ਏਥੇ ਖ਼ਾਸ ਤੌਰ ‘ਤੇ ਇਹ ਗੱਲ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ‘ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣਾ ਕੰਮ ਰਾਜ ਸਭਾ ਵਿਚ ਦੇਖ਼ਣਾ ਚਾਹੀਦਾ ਹੈ। ਕੈਪਟਨ ਨੇ ਇਹ ਵੀ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਲਿਖੀਆਂ ਚਿੱਠੀਆਂ ਮੀਡੀਆ ਤੱਕ ਹੀ ਪਹੁੰਚਦੀਆਂ ਹਨ, ਉੇਹਨਾਂ ਕੋਲ ਤਾਂ ਬਾਜਵਾ ਦੀ ਕੋਈ ਚਿੱਠੀ ਕਦੇ ਨਹੀਂ ਪਹੁੰਚੀ।




