ਭਾਖੜਾ ਨਹਿਰ ‘ਚ ਮਿਲੇ ਕੋਰੋਨਾ ਦੇ ਟੀਕੇ, ਸਿਹਤ ਵਿਭਾਗ ਦੀ ਵਧੀ ਚਿੰਤਾ

ਰੂਪਨਗਰ : ਦੇਸ਼ ਭਰ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਮਰੀਜਾਂ ਨੂੰ ਜਾਨ ਦੇ ਲਾਲੇ ਪਏ ਹੋਏ ਹਨ। ਕਿਤੇ ਵੈਕਸੀਨ ਨਹੀਂ ਮਿਲ ਰਹੀ, ਕਿਤੇ ਆਕਸੀਜਨ ਨਹੀਂ ਮਿਲ ਰਹੀ। ਸਰਕਾਰ ਜਵਾਬ ਨਹੀਂ ਦੇ ਰਹੀ ਅਤੇ ਡਾਕਟਰ ਬੇਬਸ ਹੋ ਚੁੱਕੇ ਹਨ। ਇਸ ‘ਚ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਰੂਪਨਗਰ ਦੀ ਭਾਖੜਾ ਨਹਿਰ ‘ਚ ਕੋਰੋਨਾ ਵੈਕਸੀਨੇਸ਼ਨ ਲਈ ਇਸਤੇਮਾਲ ਹੋਣ ਵਾਲੇ ਟੀਕਿਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਸ ਖੇਪ ਦੇ ਮਿਲਣ ਨਾਲ ਪੂਰੇ ਇਲਾਕੇ ‘ਚ ਜਿੱਥੇ ਹੜਕੰਪ ਮੱਚ ਗਿਆ ਹੈ, ਉਥੇ ਹੀ ਸਿਹਤ ਵਿਭਾਗ ‘ਤੇ ਵੀ ਸਵਾਲ ਖੜੇ ਹੋ ਗਏ ਹਨ।
ਜਾਣਕਾਰੀ ਮੁਤਾਬਕ ਨਹਿਰ ਵਿੱਚ ਟੀਕਿਆਂ ਦੀ ਇੱਕ ਵੱਡੀ ਖੇਪ ਤੈਰਦੀ ਹੋਈ ਮਿਲੀ, ਜਿਸਨੂੰ ਸਥਾਨਕ ਲੋਕਾਂ ਨੇ ਦੇਖਿਆ ਤਾਂ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ। ਜਦੋਂ ਸਿਹਤ ਵਿਭਾਗ ਨੇ ਖੇਪ ਨੂੰ ਨਹਿਰ ਤੋਂ ਬਾਹਰ ਕੱਢਿਆ ਤਾਂ ਟੀਕਿਆਂ ਦੀਆਂ ਸ਼ੀਸ਼ੀਆਂ ‘ਤੇ ਰੇਮੇਡਸਿਵਿਰ ਲਿਖਿਆ ਹੋਇਆ ਸੀ। ਹਾਲਾਂਕਿ ਸਿਹਤ ਵਿਭਾਗ ਨੇ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੀਸ਼ੀਆਂ ‘ਤੇ ਲੋਗੋ ਜ਼ਰੁਰ ਰੇਮੇਡਸਿਵਿਰ ਦਾ ਹੈ ਪਰ ਰੰਗ ਅਤੇ ਉਸ ‘ਤੇ ਲਿਖੀਆਂ ਹੋਈਆਂ ਕੁਝ ਗੱਲਾਂ ਬਾਰੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਰੇਮੇਡਸਿਵਰ ਹੀ ਹੈ। ਸਿਹਤ ਵਿਭਾਗ ਨੇ ਕਿਹਾ ਕਿ ਖੇਪ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਸਭ ਸਾਫ਼ ਕੀਤਾ ਜਾ ਸਕੇਗਾ।



