ਹਵਾਈ ਸਫ਼ਰ ਸ਼ੁਰੂ ਹੋਣ ਦੇ ਪਹਿਲੇ ਦਿਨ 80 ਫਲਾਇਟਾਂ ਕੈਂਸਲ, ਯਾਤਰੀਆਂ ਨੂੰ ਏਅਰਪੋਰਟ ਤੋਂ ਮੁੜਨਾ ਵਾਪਸ

ਨਵੀਂ ਦਿੱਲੀ : ਲਾਕਡਾਊਨ ਤੋਂ ਬਾਅਦ ਅੱਜ ਤੋਂ ਦੇਸ਼ ‘ਚ ਘਰੇਲੂ ਹਵਾਈ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਪਰ ਪਹਿਲੇ ਦਿਨ ਹੀ ਦੇਸ਼ ਭਰ ‘ਚ ਲੱਗਭੱਗ 80 ਫਲਾਇਟਾਂ ਰੱਦ ਹੋ ਚੁੱਕੀਆਂ ਹਨ। ਦਿੱਲੀ ਏਅਰਪੋਰਟ ਤੋਂ ਲੈਂਡ/ਟੇਕਆਫ ਕਰਨ ਵਾਲੀ 80 ਦੇ ਆਸਪਾਸ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਫਲਾਇਟਸ ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਚੇਂਨਈ ਨੂੰ ਲੈ ਕੇ ਸ਼ੈਡਿਊਲ ਕੀਤੀਆਂ ਗਈਆਂ ਸਨ। ਮਹਾਰਾਸ਼ਟਰ ਅਤੇ ਚੇਂਨਈ ਲਈ ਉਡਾਣਾਂ ਸੀਮਿਤ ਕੀਤੀਆਂ ਗਈਆਂ ਹਨ। ਅਜਿਹੇ ਵਿੱਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਮੁਸਾਫਿਰਾਂ ਨੂੰ ਤਾਂ ਏਅਰਪੋਰਟ ਪੁੱਜਣ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮਿਲ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ 5 ਵਜੇ ਦਿੱਲੀ ਏਅਰਪੋਰਟ ਤੋਂ ਪਹਿਲੀ ਫਲਾਇਟ ਨੇ ਉਡ਼ਾਨ ਭਰੀ। ਸਵੇਰੇ 6 ਵਜ ਕੇ 42 ਮਿੰਟ ‘ਤੇ ਮਹਾਰਾਸ਼ਟਰ ਦੇ ਪੁਣੇ ‘ਚ ਲੈਂਡ ਕੀਤਾ। ਨਾਗਰਿਕ ਉਡਾਣ ਮੰਤਰੀ ਹਰਦੀਪ ਸਿੰਘ ਪਰੀ ਨੇ ਟਵੀਟ ਕਰਕੇ ਕਿਹਾ ਰਾਜਾਂ ਨੂੰ ਜਹਾਜ਼ ਸੇਵਾ ਦੀ ਮਨਜ਼ੂਰੀ ਲੈਣ ਲਈ ਕੜੀ ਮਿਹਨਤ ਕਰਨੀ ਪਈ।
ਮਹਾਰਾਸ਼ਟਰ ਸਰਕਾਰ ਨੇ ਵੀ ਜਹਾਜ਼ ਸੇਵਾ ਸ਼ੁਰੂ ਕਰਨ ਦੀ ਇਜਾਜਤ ਦੇ ਦਿੱਤੀ ਹੈ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਅੱਜ ਤੋਂ ਜਹਾਜ਼ ਸੇਵਾਵਾਂ ਨਹੀਂ ਸ਼ੁਰੂ ਹੋਣਗੀਆਂ। ਆਂਧਰਾ ਪ੍ਰਦੇਸ਼ ਸਰਕਾਰ ਨੇ ਕੱਲ ਤੋਂ ਅਤੇ ਪੱਛਮੀ ਬੰਗਾਲ ਨੇ ਅਮਫਾਨ ਤੂਫਾਨ ਨਾਲ ਨੁਕਸਾਨ ਦੇ ਚੱਲਦਿਆਂ 28 ਮਈ ਤੋਂ ਘਰੇਲੂ ਉਡ਼ਾਣਾਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ।




