ਮੌਸਮ ਵਿਭਾਗ ਨੇ ਲੂ ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਲਈ ਰੈੱਡ ਅਲਰਟ ਕੀਤਾ ਜਾਰੀ

ਨਵੀਂ ਦਿੱਲੀ : ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਚਲੇ ਜਾਣ ਦੇ ਨਾਲ ਹੀ ਭਾਰਤ ਮੌਸਮ ਵਿਗਿਆਨ ਵਿਭਾਗ ( ਆਈਐਮਡੀ ) ਨੇ ਐਤਵਾਰ ਨੂੰ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਲਈ ਅਗਲੇ ਦੋ ਦਿਨਾਂ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਲੂ ਦੇ ਸੰਬੰਧ ‘ਚ ਆਰੇਂਜ ਚਿਤਾਵਨੀ ਵੀ ਜਾਰੀ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਦੋ – ਤਿੰਨ ਦਿਨਾਂ ‘ਚ ਕੁੱਝ ਹਿੱਸਿਆਂ ‘ਚ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ ਇਹ ਇਸ ਗਰਮੀ ਦੇ ਮੌਸਮ ਵਿੱਚ ਪਹਿਲੀ ਵਾਰ ਹੈ ਜਦੋਂ ਲੂ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੌਸਮ ਵਿੱਚ ਤਾਪਮਾਨ ਉਸ ਤਰ੍ਹਾਂ ਨਾਲ ਨਹੀਂ ਵਧਿਆ ਜਿਵੇਂ ਕਿ ਇਹ ਆਮ ਤੌਰ ‘ਤੇ ਉੱਤਰੀ ਅਤੇ ਭਾਰਤ ਵਿੱਚ ਵਧਦਾ ਹੈ ਅਤੇ ਅਜਿਹਾ ਅਪ੍ਰੈਲ ਮਹੀਨੇ ਵਿੱਚ ਕਾਫ਼ੀ ਬਾਰਿਸ਼ ਹੋਣ ਦੀ ਵਜ੍ਹਾ ਨਾਲ ਹੋਇਆ ਜੋ ਮੱਧ ਮਈ ਤੱਕ ਜਾਰੀ ਰਿਹਾ। ਸ਼ਨੀਵਾਰ ਨੂੰ ਰਾਜਸਥਾਨ ਦੇ ਪਿਲਾਨੀ ਵਿੱਚ 46.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।



