UAPA ਤੋਂ ਘਬਰਾਏ ਸਿੱਖ ਨੌਜਵਾਨ ਦੀ ਖ਼ੁਦਕੁਸ਼ੀ ‘ਤੇ ਬੋਲੇ ਸੁਖਪਾਲ ਖਹਿਰਾ | NIA | Sukhpal Khaira

ਸੰਗਰੂਰ 20 ਜੁਲਾਈ 2020
NIA ਕੌਮੀ ਜਾਂਚ ਏਜੰਸੀ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤਾਖੇੜਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੂੰ 13 ਜੁਲਾਈ 2020 ਨੂੰ ਨੋਟਿਸ ਭੇਜ ਕੇ ਚੰਡੀਗੜ੍ਹ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਸੀ। ਪਰ ਲਵਪ੍ਰੀਤ ਸਿੰਘ ਹੁਣ ਇਸ ਦੁਨੀਆ ‘ਤੇ ਨਹੀਂ ਰਿਹਾ। ਦਲਿਤ ਨੌਜਵਾਨ ਲਵਪ੍ਰੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਜਿਸ ‘ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮ੍ਰਿਤਕ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲਵਪ੍ਰੀਤ ਦੇ ਘਰ ਪਹੁੰਚੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਰੈਫਰੈਂਡਮ 2020 ਦਾ ਕੋਈ ਮੁੱਦਾ ਨਹੀਂ ਹੈ, ਜਾਣ ਬੁੱਝ ਕੇ ਨੌਜਵਾਨਾਂ ‘ਤੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਖਹਿਰਾ ਨੇ ਕਿਹਾ ਕਿ ਸਰਕਾਰ ਦਲਿਤ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਮਰਹੂਮ ਲਵਪ੍ਰੀਤ ਦਮਦਮੀ ਟਕਸਾਲ ਤੋਂ ਧਾਰਮਿਕ ਸਿੱਖਿਆ ਲੈ ਕੇ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਨਜ਼ਦੀਕੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਸੀ।
ਸੁਖਪਾਲ ਖਹਿਰਾ ਨੇ ਇਹ ਵੀ ਦੱਸਿਆ ਕਿ NIA ਵੱਲੋਂ ਪੇਸ਼ ਹੋਣ ਦੇ ਹੁਕਮਾਂ ਤੋਂ ਬਾਅਦ ਲਵਪ੍ਰੀਤ ਇਕੱਲਾ ਹੀ ਪੇਸ਼ੀ ‘ਤੇ ਜਾਂਦਾ ਸੀ ਤੇ ਉਥੇ ਉਸ ਨਾਲ ਕੀ ਹੁੰਦਾ ਸੀ, ਕਿਸੇ ਨੂੰ ਕੁੱਝ ਨਹੀਂ ਪਤਾ ਕਿ ਪੁੱਛਗਿੱਛ ਦੌਰਾਨ ਉਸ ‘ਤੇ ਤਸ਼ੱਦਦ ਕੀਤਾ ਗਿਆ ਜਾਂ ਉਸ ਨੂੰ ਡਰਾਇਆ ਧਮਕਾਇਆ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਨੇ ਸੁਸਾਇਡੀ ਨੋਟ ‘ਚ ਇਹ ਲਿਖਿਆ ਹੈ ਕਿ ਮੇਰੀ ਮੌਤ ਤੋਂ ਬਾਅਦ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਖਹਿਰਾ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਜਿਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕਿਉਂਕਿ ਲਵਪ੍ਰੀਤ ਦਾ ਨਾਮ ਕਿਸੇ ਅਪਰਾਧਿਕ ਮਾਮਲੇ ਵਿਚ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਜਥੇਬੰਦੀ ਨਾਲ ਸਬੰਧ ਰੱਖਦਾ ਸੀ। ਲਵਪ੍ਰੀਤ ਸਿੰਘ ਨੇ ਖ਼ੁਦਕੁਸ਼ੀ ਕਿਉਂ ਕੀਤੀ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਇਸ ਮਾਮਲੇ ‘ਤੇ ਕਿਉਂ ਨਹੀਂ ਬੋਲਦੇ? ਆਮ ਆਦਮੀ ਪਾਰਟੀ ਸਣੇ ਸਾਰੀਆਂ ਪਾਰਟੀਆਂ ਨੂੰ UAPA ਖਿਲਾਫ਼ ਆਪਣਾ ਵਿਰੋਧ ਜਤਾਉਣਾ ਚਾਹੀਦਾ ਹੈ।




