ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸਾਂ ‘ਤੇ ਲੱਗੀ ਰੋਕ, ਇਕੱਠ ਕਰਨ ‘ਤੇ ਹੋਵੇਗੀ FIR | Chandigarh News

ਚੰਡੀਗੜ੍ਹ- 15 ਜੁਲਾਈ 2020
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਫਿਜ਼ੀਕਲ ਪ੍ਰੈਸ ਕਾਨਫਰੰਸਾਂ, ਜਿਥੇ ਕਿ ਵੱਡੇ ਇਕੱਠਾਂ ਕਾਰਨ ਇਨਫੈਕਸ਼ਨ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ, ‘ਤੇ ਪੂਰਨ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਵੀ ਪੀ ਸਿੰਘ ਬਦਨੌਰ ਨੇ ਰੋਜ਼ਾਨਾ ਵਾਰ ਰੂਮ ਮੀਟਿੰਗ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਕੋਈ ਵੀ ਸਮਾਗਮ ਜਾਂ ਪ੍ਰੋਗਰਾਮ ਨਾ ਕਰਨ, ਜੋ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨਾ ਹੋਵੇ, ਕਿਉਂਕਿ ਇਹਨਾ ਨਿਰਦੇਸ਼ਾਂ ਵਿਚ ਵਿਆਹ ਤੇ ਅੰਤਿਮ ਸਸਕਾਰ ਨੂੰ ਗੈਰ ਸਾਧਾਰਣ ਮੰਨਦਿਆਂ ਆਗਿਆ ਦਿੱਤੀ ਗਈ ਹੈ। ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਐੱਸ.ਐੱਸ.ਪੀ. ਨੂੰ ਇਹ ਵੀ ਹਦਾਇਤ ਕੀਤੀ ਕਿ ਚੰਡੀਗੜ੍ਹ ਸ਼ਹਿਰ ਵਿੱਚ ਕਿਸੇ ਵੀ ਤਰੀਕੇ ਦਾ ਗੈਰ ਕਾਨੂੰਨੀ ਇਕੱਠ ਹੁੰਦਾ ਹੈ ਤਾਂ FIR ਦਰਜ ਕੀਤੀ ਜਾਵੇ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, DGP ਸੰਜੇ ਬੈਨੀਵਾਲ ਤੇ ਹੋਰ ਅਧਿਕਾਰੀ ਸ਼ਾਮਲ ਸਨ, ਜਦਕਿ ਬਾਕੀ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ।




