‘ਕੋਰੋਨਾ’ ਦੇ ਵਿਗੜਦੇ ਹਾਲਾਤਾਂ ‘ਤੇ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸੰਬੋਧਨ

ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦਾ ਆਏ ਦਿਨ ਆਪਣੇ ਪੈਰ ਪਸਾਰ ਰਿਹਾ ਹੈ ਜਿਸਦੇ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸਦੇ ਮੱਦੇਨਜ਼ਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਲੋਕਾਂ ਨੂੰ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਧਿਆਨ ਰੱਖਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਲਹਿਜ਼ੇ ‘ਚ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ‘ਚ ਸਖ਼ਤੀ ਕਰਨ ਦੇ ਬਾਵਜੂਦ ਵੀ ਲੋਕ ਸਮਝ ਨਹੀਂ ਰਹੇ ਹਨ ਕਿ ਇਹ ਮਹਾਮਾਰੀ ਕਿੰਨੀ ਭਿਆਨਕ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ ਅੰਦਰ 4 ਲੱਖ, 75 ਹਜ਼ਾਰ, 950 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 11,297 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਤਿੰਨ ਲੈਵਲ ਹੁੰਦੇ ਹਨ। ਕੈਪਟਨ ਨੇ ਦੱਸਿਆ ਕਿ ਪਹਿਲੇ ਲੈਵਲ ‘ਚ ਡਾਕਟਰ ਵੱਲੋਂ ਘਰ ‘ਚ ਰਹਿ ਕੇ ਹੀ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ, ਜਦੋਂ ਕਿ ਦੂਜੇ ਲੈਵਲ ‘ਚ ਵਿਅਕਤੀ ਦਾ ਆਕਸੀਜਨ ਦਾ ਪੱਧਰ ਡਿਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਤੀਜੇ ਲੈਵਲ ‘ਚ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ‘ਚ ਸੂਬੇ ਦੇ ਲੋਕ ਤੀਜੇ ਲੈਵਲ ਦੇ ਸ਼ਿਕਾਰ ਹੋਣ ‘ਤੇ ਹੀ ਹਸਪਤਾਲਾਂ ਨੂੰ ਜਾਂਦੇ ਹਨ ਅਤੇ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਫਿਰ ਉਨ੍ਹਾਂ ਨੂੰ ਵੈਂਟੀਲੇਟਰ ਮਸ਼ੀਨਾਂ ‘ਤੇ ਲਾਉਣਾ ਪੈਂਦਾ ਹੈ। ਕੈਪਟਨ ਨੇ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ।
ਕੈਪਟਨ ਨੇ ਫਿਰ ਦੁਹਰਾਇਆ ਕਿ ਜਿਵੇਂ ਹੀ ਕਿਸੇ ਨੂੰ ਥੋੜ੍ਹੀ-ਬਹੁਤ ਪਰੇਸ਼ਾਨੀ ਲੱਗਦੀ ਹੈ ਤਾਂ ਤੁਰੰਤ ਡਾਕਟਰ ਨਾਲ ਲੋਕ ਸੰਪਰਕ ਕਰਨ ਅਤੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਬਚਾਅ ਕਰਨ। ਕੈਪਟਨ ਨੇ ਸੂਬੇ ਦੀ ਗੰਭੀਰ ਹਾਲਤ ਬਿਆਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਕੋਰੋਨਾ ਕਾਰਨ ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹੋ ਗਏ ਹਨ ਕਿ ਲੈਵਲ-3 ਦੇ 90 ਫ਼ੀਸਦੀ ਬੈੱਡ ਮਰੀਜ਼ਾਂ ਨਾਲ ਭਰ ਗਏ ਹਨ ਅਤੇ ਨਵੇਂ ਬੈੱਡ ਲਾਉਣੇ ਪੈ ਰਹੇ ਹਨ ਅਤੇ ਇਸ ਦਾ ਕਾਰਨ ਲੋਕਾਂ ਦੀ ਲਾਪਰਵਾਹੀ ਹੈ।
ਕੈਪਟਨ ਨੇ ਕਿਹਾ ਕਿ ਇਹ ਬੀਮਾਰੀ ਪਹਿਲਾਂ ਸ਼ਹਿਰਾਂ ‘ਚ ਹੀ ਜ਼ਿਆਦਾ ਫੈਲੀ ਹੋਈ ਸੀ ਪਰ ਹੁਣ ਇਸ ਨੇ ਪਿੰਡਾਂ ‘ਚ ਵੀ ਪੈਰ ਪਸਾਰ ਲਏ ਹਨ। ਉਨ੍ਹਾਂ ਨੇ ਹਰੇਕ ਪਿੰਡ ਦੇ ਲੋਕਾਂ ਨੂੰ ਠੀਕਰੀ ਪਹਿਰੇ ਲਾਉਣ ਲਈ ਕਿਹਾ ਹੈ। ਕੈਪਟਨ ਨੇ ਕਿਹਾ ਕਿ ਬਾਹਰਲੇ ਲੋਕਾਂ ਨੂੰ ਪਿੰਡਾਂ ‘ਚ ਨਾ ਵੜਨ ਦਿਓ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਕੋਲੋਂ ਕੋਰੋਨਾ ਨੈਗੇਟਿਵ ਰਿਪੋਰਟ ਮੰਗੋ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਇਹੀ ਤਰੀਕਾ ਅਪਨਾਉਣਾ ਪਵੇਗਾ। ਕੈਪਟਨ ਨੇ ਲੋਕਾਂ ਨੂੰ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਕੋਵਿਡ ਸਬੰਧੀ ਰਿਪੋਰਟ ਦੇਖ ਰਹੇ ਹਨ। ਕੈਪਟਨ ਨੇ ਕਿਹਾ ਕਿ ਲੋਕ ਹੀ ਹਿੰਮਤ ਕਰਕੇ ਆਪਣੇ ਪਰਿਵਾਰਾਂ, ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾਅ ਸਕਦੇ ਹਨ।