Latest NewsPunjabਖ਼ਬਰਾਂ

ਇਤਿਹਾਸ ਵਿੱਚ ਅੱਜ ਦਾ ਦਿਨ ਪੜ੍ਹੋ- ਕਿਉਂ ਲਾਉਣਾ ਪਿਆ ‘ਮੋਰਚਾ ਗੁਰੂ ਕਾ ਬਾਗ’

ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਸਿੱਖ ਕੌਮ ਦਾ ਇਤਿਹਾਸ ਵਧੇਰੇ ਕਰਕੇ ਸ਼ਹੀਦੀਆਂ ਅਤੇ ਕੁਰਬਾਨੀਆਂ ਵਾਲਾ ਰਿਹਾ ਹੈ। ਰਣ ਖੇਤਰ ਵਿੱਚ ਇੱਕ-ਇੱਕ ਸਿੰਘ ਵੱਲੋਂ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨਾ, ਸੀਸ ਨੂੰ ਤਲੀ ’ਤੇ ਟਿਕਾ ਮੁਲਖੱਈਏ ਨਾਲ ਟੱਕਰ ਲੈਣਾ, ਜੰਬੂਰਾਂ ਨਾਲ ਮਾਸ ਤੁੜਵਾਉਣਾ, ਰੰਬੀਆਂ ਨਾਲ ਖੋਪਰ ਉਤਰਵਾਉਣਾ, ਬੰਦ-ਬੰਦ ਕਟਵਾਉਣਾ, ਚਰਖੜੀਆਂ ’ਤੇ ਚੜ੍ਹ ਕੇ ਤੂੰਬਾ-ਤੂੰਬਾ ਹੋਣਾ, ਤੋਪਾਂ ਸਾਹਵੇਂ ਉਡਾਏ ਜਾਣਾ, ਬਲਦੇ ਹੋਏ ਭੱਠਾਂ ਵਿੱਚ ਝੋਕੇ ਜਾਣਾ, ਇਹ ਸਭ ਹੈਰਤ ਅੰਗੇਜ਼ ਕਾਰਨਾਮੇ ਸਿੱਖ ਕੌਮ ਦੇ ਹਿੱਸੇ ਹੀ ਆਏ ਹਨ।

ਇਤਿਹਾਸਕ ਗੁਰਧਾਮਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾ ਕੇ ਉੱਥੇ ਮੁੜ ਪੰਥਕ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਚੱਲੀ ‘ਗੁਰਦੁਆਰਾ ਸੁਧਾਰ ਲਹਿਰ’ ਦੌਰਾਨ ਵਾਪਰੇ ‘ਗੁਰੂ ਕਾ ਬਾਗ਼’ ਦੇ ਮੋਰਚੇ ਦੀ ਵੀ ਕੁਝ ਅਜਿਹੀ ਹੀ ਦਾਸਤਾਨ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇੱਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ ਹੈ, ਜਿੱਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਸਨ। ਇੱਥੋਂ ਦਾ ਮਹੰਤ ਸੁੰਦਰ ਦਾਸ ਉਦਾਸੀ ਘਟੀਆ ਆਚਰਨ ਦਾ ਮਾਲਕ ਸੀ ਪਰ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ ਉਸ ਦਾ ਲੰਗੋਟੀਆ ਯਾਰ ਸੀ। 20 ਫਰਵਰੀ 1920 ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਪਿੱਛੋਂ ਉਹ ਖੁੱਲ੍ਹ ਕੇ ਸਿੰਘਾਂ ਦੇ ਸਾਹਮਣੇ ਆ ਗਿਆ। ਉਸ ਦੀ ਸ਼ਹਿ ’ਤੇ 8 ਅਗਸਤ 1922 ਨੂੰ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰ ਕੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸੇ ਮਸਲੇ ’ਤੇ ਮੋਰਚਾ ਲੱਗ ਗਿਆ।

ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲੀਸ ਫੜ ਕੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। 26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ-ਕੁਟਾਈ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਕੁੱਟਮਾਰ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ਼ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਵਿੱਚ ਹੋ ਰਹੀ ਸੀ ਤਾਂ ਮੁਖੀ ਲੀਡਰਾਂ ਦੇ ਵਾਰੰਟ ਜਾਰੀ ਹੋ ਗਏ, ਜਿਸ ’ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ, ਸਕੱਤਰਾਂ ਆਦਿ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇ ਦੇ ਰੂਪ ਵਿੱਚ ਗ੍ਰਿਫ਼ਤਾਰੀ ਲਈ ਰਵਾਨਾ ਕੀਤਾ ਗਿਆ। ਹੁਣ ਸਿੰਘ ਗ੍ਰਿਫ਼ਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁੱਜਣ ਲੱਗੇ। ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿਣ ਦਾ ਅਰਦਾਸਾ ਸੋਧ ਕੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ਼ ਲਈ ਰਵਾਨਾ ਹੁੰਦਾ, ਜਿਸ ਦਾ ਪੁਲੀਸ ਦੀਆਂ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ। ਸਿੰਘ ‘ਵਾਹਿਗੁਰੂ’ ਦਾ ਜਾਪ ਕਰਦੇ ਹੋਏ ਪੁਲੀਸ ਦੀਆਂ ਡਾਂਗਾਂ ਤਨ ’ਤੇ ਹੰਢਾਉਂਦੇ।

ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਸਿੱਖਾਂ ਦੇ ਸਬਰ, ਸਿਦਕ ਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ਼ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖ਼ਾਂ ਤੇ ਸ੍ਰੀਮਤੀ ਸਰੋਜਿਨੀ ਨਾਇਡੂ ਵਰਣਨਯੋਗ ਹਨ। ਅੰਗਰੇਜ਼ ਪਾਦਰੀ ਸੀ.ਐਫ. ਐਂਡਰਿਊਜ਼ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਮੁਲਾਕਾਤ ਕਰ ਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ ਜਿਸ ਤੇ ਮੈਕਲੈਗਨ ਨੇ 13 ਸਤੰਬਰ ਨੂੰ ਆਪ ਗੁਰੂ ਕੇ ਬਾਗ਼ ਹਾਜ਼ਰੀ ਭਰੀ। ਇਸ ਫੇਰੀ ਦੌਰਾਨ ਡਾਂਗਾਂ ਵਰਨੀਆਂ ਬੰਦ ਤਾਂ ਹੋ ਗਈਆਂ ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੀਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖ਼ਮੀ ਅਤੇ 5605 ਗ੍ਰਿਫ਼ਤਾਰ ਹੋਏ, ਜਿਨ੍ਹਾਂ ਵਿੱਚੋਂ 35 ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ 200 ਫ਼ੌਜੀ ਪੈਨਸ਼ਨਰ ਸਨ।

ਇਸ ਮੋਰਚੇ ਨਾਲ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਬਲ ਮਿਲਿਆ ਅਤੇ ਸਿੰਘਾਂ ਦੇ ਸਿਦਕ, ਬਹਾਦਰੀ ਅਤੇ ਅਣਖ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਅਜੋਕੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੋਂ ਜਾਣੂ ਹੋ ਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਉਂਣਾ ਚਾਹੀਦਾ ਹੈ।

Tags

Related Articles

Leave a Reply

Your email address will not be published. Required fields are marked *

Back to top button
Close
Close