ਢੱਡਰੀਆਂਵਾਲੇ ਨੂੰ ਮਿਲੀ ਵੱਡੀ ਰਾਹਤ | Dhadrianwala

ਫਰੀਦਕੋਟ 16 ਅਗਸਤ 2020
ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਸਿੱਖ ਜਥੇਬੰਦੀਆਂ ਦੇ ਪ੍ਰਚਾਰਕਾਂ ਸਮੇਤ 23 ਲੋਕਾਂ ਨੂੰ ਬੇਕਸੂਰ ਕਰਾਰ ਦਿੱਤਾ ਹੈ। ਅਕਤੂਬਰ 2015 ਦੌਰਾਨ ਕੋਟਕਪੂਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਚਾਰਕਾਂ ਨੂੰ ਤਤਕਾਲੀ ਪੁਲਿਸ ਅਧਿਕਾਰੀਆਂ ਵੱਲੋਂ ਹਿੰਸਕ ਪ੍ਰਦਰਸ਼ਨ ਦੇ ਇਲਜ਼ਾਮਾਂ ਤਹਿਤ ਨਾਮਜ਼ਦ ਕੀਤਾ ਗਿਆ ਸੀ। ਐੱਸ.ਆਈ.ਟੀ. ਨੇ ਇਹਨਾਂ ਸਾਰਿਆਂ 23 ਲੋਕਾਂ ਨੂੰ ਤਤਕਾਲੀ ਐੱਸ.ਐੱਚ.ਓ. ਗੁਰਦੀਪ ਪੰਧੇਰ ਤੇ ਡੀਐੱਸਪੀ ਬਲਜੀਤ ਸਿੰਘ ਸਿੱਧੂ ਦੇ ਖਿਲਾਫ ਅਦਾਲਤ ‘ਚ ਦਰਜ ਚਾਰਜਸ਼ੀਟ ਵਿੱਚ ਬੇਕਸੂਰ ਕਰਾਰ ਦਿੰਦਿਆਂ, ਖਾਨਾ ਨੰਬਰ ਦੋ ਵਿੱਚ ਰੱਖਿਆ ਹੈ।
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਹਰਜਿੰਦਰ ਸਿੰਘ ਮਾਝੀ, ਪੰਥਪ੍ਰੀਤ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਸਾਂਧਾਵਾਲਾ, ਭਾਈ ਸਤਨਾਮ ਸਿੰਘ ਚੰਦੜ ਤੇ ਸਿੱਖ ਜੱਥੇਬੰਦੀਆਂ ਦੇ ਅਹੁਦੇਦਾਰ ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਦਲੇਰ ਸਿੰਘ, ਭਾਈ ਹਰਜੀਤ ਸਿੰਘ, ਸੁਖਜੀਤ ਸਿੰਘ ਖੋਸਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਢਪਾਲੀ, ਗੁਰਪ੍ਰੀਤ ਸਿੰਘ ਢੱਡਰੀਆਂ, ਗੁਰਸੇਵਕ ਸਿੰਘ ਸਣੇ ਕੁਲ 15 ਨਾਮਜ਼ਦ ਅਤੇ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਇਰਾਦਾ ਕਤਲ ਸਮੇਤ ਹੋਰ ਗੰਭੀਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ।




