ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ, ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਵਾਲੇ ਤਨਖਾਹੀਆ ਕਰਾਰ

ਅੰਮ੍ਰਿਤਸਰ 4 ਅਗਸਤ 2020
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਨਿਹੰਗ ਜਥੇਬੰਦੀ ਨਾਲ ਸਬੰਧਤ ਪੰਜ ਪਿਆਰਿਆਂ ਵਲੋਂ ਮੁਆਫੀ ਦੇਣ ਅਤੇ ਤਨਖਾਹ ਲਾਏ ਜਾਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਲਕਾ ਕਾਦੀਆਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫ਼ਰਵਾਲ ਨੂੰ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ਹੇਠ ਤਨਖਾਹੀਆ ਕਰਾਰ ਦੇ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਕਿ ਉਹ ਸਾਰੀਆਂ ਸਬ ਕਮੇਟੀਆਂ ਵਿਚੋਂ ਦੋਵਾਂ ਨੂੰ ਹਟਾ ਦੇਵੇ।ਕਾਰਜਕਾਰੀ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਨੂੰ ਆਦੇਸ਼ ਦਿੱਤੇ ਹਨ ਕਿ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ੍ਹੀ ਗੁਰਦਾਸ ਨੰਗਲ ਵਿਖੇ ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਦੇਣ ਵਾਲੇ ਨਿਹੰਗ ਜਥੇਬੰਦੀ ਤਰਨਾ ਦਲ ਚੌਕ ਮਹਿਤਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਪੱਸ਼ਟੀਕਰਨ ਦੇ ਕੇ ਖਿਮਾ ਯਾਚਨਾ ਦੀ ਅਪੀਲ ਕੀਤੀ ਹੈ। ਫਿਲਹਾਲ ਇਸ ਮਾਮਲੇ ਵਿਚ ਜਥੇਦਾਰ ਵਲੋਂ ਨਿਹੰਗ ਜਥੇਬੰਦੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਇਹ ਮਾਮਲਾ ਵਿਚਾਰ ਅਧੀਨ ਹੈ।
ਸ਼੍ਰੋਮਣੀ ਕਮੇਟੀ ਨੇ ਵੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ੍ਹੀ ਗੁਰਦਾਸਨੰਗਲ ਦੇ ਆਪਣੇ ਤਿੰਨ ਮੁਲਾਜ਼ਮਾਂ ਇੰਚਾਰਜ ਰਛਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਅਤੇ ਕਥਾਵਾਚਕ ਭਾਈ ਹਰਮੀਤ ਸਿੰਘ ਨੂੰ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ।