ਜੇਜੇ ਸਿੰਘ ਨੇ ਕੈਪਟਨ ਨੂੰ ਦਿੱਤਾ ਠੋਕਵਾਂ ਜਵਾਬ !

ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਇੰਟਰਵਿਊ ਦੌਰਾਨ ਇੱਕ ਵਿਵਾਦਿਤ ਬਿਆਨ ਦਿੱਤਾ ਸੀ।ਜਿਸ ਕਾਰਨ ਪੰਜਾਬ ਦੀ ਸਿਆਸਤ ਪੂਰੀ ਭਖੀ ਹੋਈ ਹੈ।ਹਾਲਾਂਕਿ ਕੈਪਟਨ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਕੁੱਝ ਸਮਾਂ ਬਾਅਦ ਹੀ ਨਵਜੋਤ ਸਿੱਧੂ ਨੇ ਵੀ ਕੈਪਟਨ ਨੂੰ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਸੀ। ਮੁੱਖ ਮੰਤਰੀ ਨੇ ਆਪਣੇ ਬਿਆਨ ‘ਚ ਜਨਰਲ ਜੇਜੇ ਸਿੰਘ ਦਾ ਵੀ ਜ਼ਿਕਰ ਕੀਤਾ ਸੀ।ਉਨ੍ਹਾਂ ਕਿਹਾ ਸੀ ਕਿ ‘ਜੇਕਰ ਨਵਜੋਤ ਸਿੱਧੂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜ੍ਹਨਾ ਚਾਹੁੰਦੇ ਹਨ ਤਾਂ ਮੈਨੂੰ ਕੋਈ ਇਤਰਾਜ਼ ਨਹੀਂ’ ਨਾਲ ਹੀ ਕੈਪਟਨ ਨੇ ਨਵਜੋਤ ਸਿੱਧੂ ਨੇ ਇੱਕ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ‘ਮੇਰੇ ਖਿਲਾਫ ਚੋਣ ਲੜ੍ਹਨ ਲਈ ਜੇਜੇ ਸਿੰਘ ਵੀ ਆਇਆ ਸੀ ਤੇ ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ ਅਤੇ ਜੇਕਰ ਸਿੱਧੂ ਮੇਰੇ ਖਿਲਾਫ ਚੋਣ ਲੜ੍ਹਦਾ ਹੈ ਤਾਂ ਉਸਦਾ ਵੀ ਇਹੀ ਹਾਲ ਹੋਵੇਗਾ’।
ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਟਿੱਪਣੀ ਸਾਬਕਾ ਜਰਨਲ ਚੀਫ ਜੇਜੇ ਸਿੰਘ ਨੂੰ ਵੀ ਪਸੰਦ ਨਹੀਂ ਆਈ।ਨਵਜੋਤ ਸਿੱਧੂ ਤੋਂ ਬਾਅਦ ਜੇਜੇ ਸਿੰਘ ਵੀ ਕੈਪਟਨ ਵਿਰੁੱਧ ਮੈਦਾਨ ‘ਚ ਉਤਰ ਆਏ ਨੇ।ਨਵਜੋਤ ਬਾਰੇ ਦਿੱਤੇ ਬਿਆਨ ‘ਚ ਹੋਏ ਆਪਣੇ ਜ਼ਿਕਰ ਤੋਂ ਬਾਅਦ ਜੇਜੇ ਸਿੰਘ ਨੇ ਕੈਪਟਨ ਨੂੰ ਠੋਕਵਾਂ ਜਵਾਬ ਦਿੰਦਿਆਂ 3 ਧਮਾਕੇਦਾਰ ਟਵੀਟ ਕੀਤੇ ਹਨ।ਜਿਸ ‘ਚ ਉਨ੍ਹਾਂ ਕਿਹਾ ਕਿ “2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਤੇ ਲੰਬੀ ਵਿਚਾਲੇ ਇਕ ਫਿਕਸ ਮੈਚ ਹੋਇਆ ਸੀ, ਇਹ ਗੱਲ ਕਿਸੇ ਤੋਂ ਲੁੱਕੀ ਨਹੀਂ। ਸਮਾਂ ਬਦਲਦਾ ਹੈ, ਇਹ ਨਾ ਭੁੱਲੋ ਕਿ ਤੁਸੀਂ ਵੀ ਪਟਿਆਲਾ ਤੋਂ ਆਪਣੀ ਜ਼ਮਾਨਤ ਵੀ ਜ਼ਬਤ ਕਰਵਾਈ ਹੈ।
ਦੱਸਣਯੋਗ ਹੈ ਕਿ ਪਟਿਆਲਾ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜੀ ਸੀ ਜਿੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਨਰਲ ਜੇ ਜੇ ਸਿੰਘ ਨੇ ਅੱਜ ਪਹਿਲੀ ਵਾਰ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਉਤੇ ਆਪਣਾ ਗੁਬਾਰ ਕੱਢਿਆ ਹੈ। ਇਕ ਹੋਰ ਟਵੀਟ ਵਿਚ ਜੇ ਜੇ ਸਿੰਘ ਨੇ ਕੈਪਟਨ ਨੂੰ ਕਿਹਾ, “ਮੈਂ ਮਾਮੂਲੀ ਚੋਣ ਹਾਰਿਆ ਹਾਂ, ਪਰ ਤੁਸੀਂ ਤਾਂ ਜਮੀਰ ਨੂੰ ਹਾਰ ਗਏ।” ਲਗਾਤਾਰ ਤਿੰਨ ਟਵੀਟ ਕਰਕੇ ਜਨਰਲ ਜੇ ਜੇ ਸਿੰਘ ਨੇ ਅਕਾਲੀ ਦਲ ਨੂੰ ਸੱਟ ਮਾਰੀ, ਜਿਸ ਵਿਚ ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਕੈਪਟਨ ਅਤੇ ਬਾਦਲ ਦੀ ਮਿਲੇ ਹੋਏ ਹਨ।