ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਕਣਕ ਦੇ ਟਰੱਕ ਰਵਾਨਾ

22 ਮਈ: ਸ਼੍ਰੋਮਣੀ ਅਕਾਲੀ ਦਲ ਵਲੋਂ ਫਿਰੋਜ਼ਪੁਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚੋਂ ਇਕੱਠੀ ਕੀਤੀ ਗਈ ਕਣਕ ਦੇ ਟਰੱਕਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਟਰੱਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਇਸ ਤੋਂ ਪਹਿਲਾਂ ਗੁਰੂ ਘਰ ਪਾਠੀ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਹੀ ਸਲਾਹੁਣਯੋਗ ਕੰਮ ਕੀਤਾ ਗਿਆ ਹੈ । ਸਿੱਖ ਪੰਥ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ `ਤੇ ਆਈਆਂ ਭੀੜਾਂ ਸਮੇਂ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ ।
ਇਸ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਕਾਲੀ ਵਰਕਰਾਂ ਵੱਲੋਂ ਇਕੱਠੀ ਕੀਤੀ ਕਣਕ ਦੇ ਟਰੱਕਾਂ ਨੂੰ ਵੀ ਹਰੀ ਝੰਡੀ ਦਿਖਾਈ ।
ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਇਕੱਤਰ ਕੀਤੀ ਕਣਕ ਦੇ ਦੋ ਟਰਾਲਿਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਕੀਤੀ ਗਈ ਅਰਦਾਸ ਵਿੱਚ ਗੁਰੂ ਮਹਾਰਾਜ ਸਾਹਮਣੇ ਅਰਜੋਈ ਕੀਤੀ ਗਈ ਕਿ ਦੁਨੀਆਂ ਉੱਪਰ ਚੱਲ ਰਹੇ ਸੰਕਟ ਤੋਂ ਸਮੁੱਚੀ ਲੋਕਾਈ ਦੀ ਰਕਸ਼ਾ ਕੀਤੀ ਜਾਵੇ ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਪੰਥ ਜਾਂ ਪੰਜਾਬ ਦੇ ਬਸ਼ਿੰਦਿਆਂ ਉੱਪਰ ਕੋਈ ਭੀੜ ਬਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਂਹ ਵਧ ਕੇ ਸਮਾਜ ਦੀ ਅਗਵਾਈ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ।
ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਲੰਗਰਾਂ ਵਿੱਚ ਅਨਾਜ ਦਾ ਦਸਵੰਦ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪਣੇ ਆਪ ਨੂੰ ਖੁਸ਼ ਕਿਸਮਤ ਗਿਣ ਰਹੇ ਹਨ । ਰਾਜ ਭਰ ਵਿੱਚ ਮੌਜੂਦ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਕਣਕ ਪਹੁੰਚਾਉਣ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕੰਮਲ ਕੀਤਾ ਜਾ ਰਿਹਾ ਹੈ ।