ਕੁਦਰਤ ਦਾ ਭਾਣਾ : ਇਕ ਪੁੱਤ ਲੀਡਰ ਤੇ ਦੂਸਰਾ ਸਰਕਾਰੀ ਅਫ਼ਸਰ, ਪਰ ਮਾਂ ਨੂੰ ਨਸੀਬ ਹੋਈ ਲਵਾਰਸਾਂ ਵਾਲੀ ਮੌਤ

ਸ੍ਰੀ ਮੁਕਤਸਰ ਸਾਹਿਬ : ਇਕ ਮਾਂ ਦੇ ਦੋ ਪੁੱਤ, ਇਕ ਲੀਡਰ ਤੇ ਦੂਸਰਾ ਸਰਕਾਰੀ ਅਫ਼ਸਰ ਦੋਵਾਂ ਵੱਲੋਂ ਹੀ ਦੁਰਕਾਰੀ ਮਾਂ ਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਪੁੱਤਰਾਂ ਵੱਲੋਂ ਆਪਣੀ ਮਾਂ ਨੂੰ ਘਰੋਂ ਬਾਹਰ ਰੱਖਿਆ ਹੋਇਆ ਸੀ ਜਿਸ ਦੀ ਦੇਖਭਾਲ ਇਕ ਗਰੀਬ ਵਿਅਕਤੀ ਨੂੰ ਕਰਨ ਲਈ ਕਿਹਾ ਸੀ। ਸ਼ਹਿਰ ਦੇ ਬੂੜਾ ਗੁੱਜਰ ਰੋਡ ‘ਤੇ ਖਸਤਾ ਹਾਲਤ ‘ਚ ਕੱਚੀਆਂ ਇੱਟਾਂ ਦੇ ਬਣਾਏ ਇਕ ਛੋਟੇ ਜਿਹੇ ਘੁਰਨੇ ‘ਚ ਜੂਨ ਗੁਜ਼ਾਰਾ ਕਰ ਰਹੀ ਬਿਰਧ 80 ਸਾਲਾ ਔਰਤ ਦੇ ਸਿਰ ਵਿੱਚ ਕੀੜੇ ਪੈ ਗਏ ਸੀ। ਮੀਂਹ, ਹਨੇਰੀ ਤੇ ਅੱਤ ਦੀ ਗਰਮੀ ‘ਚ ਬਿਰਧ ਔਰਤ ਇੱਥੇ ਹੀ ਰਹਿ ਸੀ ਜਦਕਿ ਨੇੜੇ ਹੀ ਉਸਦੇ ਦੋ ਪੁੱਤਰਾਂ ਦੇ ਆਲੀਸ਼ਾਨ ਮਕਾਨ ਹਨ ਜੋ ਕਿ ਸਰਕਾਰੀ ਨੌਕਰੀ ਕਰਦੇ ਹਨ। ਇਸ ਤਰਸਯੋਗ ਹਾਲਤ ਬਾਰੇ ਜਦ ਸ਼ਹਿਰ ਦੀ ਇਕ ਸੰਸਥਾ ਸਾਲਾਸਰ ਸੇਵਾ ਸੁਸਾਇਟੀ ਨੂੰ ਪਤਾ ਲੱਗਾ ਤਾਂ ਵੱਲੋਂ ਔਰਤ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ‘ਚ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਸ਼ੱਕੀ ਹਾਲਤ ‘ਚ ਮੌਤ ਹੋ ਗਈ।
ਸਾਲਾਸਰ ਸੇਵਾ ਸੁਸਾਇਟੀ ਦੇ ਸੇਵਾਦਾਰ ਨੇ ਦੱਸਿਆ ਕਿ ਜਦ ਉਨ੍ਹਾਂ ਜਾ ਕੇ ਦੇਖਿਆ ਤਾਂ ਮਾਤਾ ਕੋਈ ਲਾਵਰਾਸ ਜਾਪ ਰਹੀ ਸੀ ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਦੋ ਪੁੱਤਰ ਹਨ। ਇਕ ਸਰਕਾਰੀ ਨੌਕਰੀ ਕਰਦਾ ਹੈ ਤੇ ਦੂਸਰਾ ਰਾਜਸੀ ਪਾਰਟੀ ਨਾਲ ਸਬੰਧਿਤ ਹੈ ਜਦੋਂਕਿ ਪੋਤੀ ਗਜ਼ਟਿਡ ਅਧਿਕਾਰੀ ਹੈ ਤਾਂ ਉਹ ਹੈਰਾਨ ਹੋ ਗਏ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਚੁੱਪਚਾਪ ਜਲਾਲਾਬਾਦ ਰੋਡ ‘ਤੇ ਸਥਿਤ ਸ਼ਿਵਧਾਮ ‘ਚ ਅੰਤਿਮ ਸੰਸਕਾਰ ਕਰ ਦਿੱਤਾ। ਸ਼ਿਵਧਾਮ ਦੇ ਪ੍ਰਬੰਧਕ ਸ਼ੰਮੀ ਤੇਰੀਆ ਨੇ ਦੱਸਿਆ ਕਿ ਉਸ ਦਾ ਬਿਜਲੀ ਵਾਲੀ ਭੱਠੀ ‘ਚ ਅੰਤਿਮ ਸੰਸਕਾਰ ਕੀਤਾ ਗਿਆ ਹੈ ਅਤੇ ਪਰਿਵਾਰ ਉਸ ਦੀਆਂ ਅਸਥੀਆਂ ਇਕੱਤਰ ਕਰ ਕੇ ਲੈ ਗਿਆ ਹੈ।



