ਘਰ ਵਾਪਸੀ ਤੋਂ ਬਾਅਦ ਕਪਤਾਨ ਕੋਹਲੀ ਨੇ ਕੋੋਰੋਨਾ ਖਿਲਾਫ ਛੇੜੀ ਜੰਗ

ਨਵੀਂ ਦਿੱਲੀ : IPL 2021 ਮੁਲਤਵੀ ਹੋਣ ਤੋਂ ਬਾਅਦ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਮੁੰਬਈ ‘ਚ ਆਪਣੇ ਘਰ ਵਾਪਸ ਆ ਗਏ ਹਨ। ਟੀਮ ਇੰਡੀਆ ਦੇ ਕਪਤਾਨ ਕੋਹਲੀ ਨੇ ਸਮਾਂ ਨਾ ਬਰਬਾਦ ਕਰਦੇ ਹੋਏ ਹੁਣ ਕੋਵਿਡ – 19 ਦੇ ਖਿਲਾਫ ਜੰਗ ਛੇੜ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਵਿਰਾਟ ਨੇ ਮੁਸ਼ਕਿਲ ਸਮੇਂ ‘ਚ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਜਦੋਂ ਕੋਰੋਨਾ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ ਤਾਂ ਉਨ੍ਹਾਂ ਨੇ ਅੱਗੇ ਆ ਕੇ ਮਦਦ ਕਰਨ ਦਾ ਫੈਸਲਾ ਲਿਆ ਹੈ।
ਕੋਹਲੀ ਨੇ ਇਸ ਲਈ ਯੁਵਾ ਸੈਨਾ ਨਾਲ ਹੱਥ ਮਿਲਿਆ। ਵਿਰਾਟ ਨੂੰ ਯੂਵਾ ਸੈਨਾ ਦੇ ਮੈਂਬਰ ਰਾਹੁਲ ਐਨ ਕਨਾਲ ਨਾਲ ਗੱਲ ਕਰਦੇ ਹੋਏ ਅਤੇ ਕੋਰੋਨਾ ਨਾਲ ਮੁਕਾਬਲੇ ਦੀ ਰਣਨੀਤੀ ਤਿਆਰ ਕਰਦੇ ਦੇਖਿਆ ਗਿਆ। ਰਾਹੁਲ ਐਨ ਕਨਾਲ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਵਿਰਾਟ ਨਾਲ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਵਿਰਾਟ ਕੋਹਲੀ ਆਈ.ਪੀ.ਐਲ. ਟਲਣ ਦੇ ਬਾਅਦ ਕੋਰੋਨਾ ਨਾਲ ਜੰਗ ਵਿਚ ਜੁੱਟ ਗਏ ਹਨ।

ਰਾਹੁਲ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਆਪਣੇ ਕਪਤਾਨ ਨੂੰ ਮਿਲਿਆ। ਕੋਵਿਡ ਖ਼ਿਲਾਫ਼ ਉਨ੍ਹਾਂ ਨੇ ਜੋ ਲੜਾਈ ਛੇੜੀ ਹੈ, ਉਸ ਨੂੰ ਦੇਖ ਕੇ ਉਨ੍ਹਾਂ ਲਈ ਸਨਮਾਨ ਅਤੇ ਪਿਆਰ ਹੋਰ ਵੱਧ ਗਿਆ ਹੈ। ਅਸੀਂ ਉਨ੍ਹਾਂ ਦੀ ਕੋਸ਼ਿਸ਼ ਲਈ ਦੁਆ ਕਰਦੇ ਹਾਂ ਕਿ ਉਹ ਰੰਗ ਲਿਆਏ।’ ਵਿਰਾਟ ਕੋਹਲੀ ਇਨ੍ਹਾਂ ਤਸਵੀਰਾਂ ਵਿਚ ਕੈਜ਼ੁਅਲ ਲੁੱਕ ਵਿਚ ਨਜ਼ਰ ਆਏ। ਉਨ੍ਹਾਂ ਨੇ ਇਸ ਦੌਰਾਨ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ।




