ਡੀਸੀ ਦਫ਼ਤਰ ‘ਤੇ ਤਿਰੰਗਾ ਉਤਾਰ ਕੇ ਲਹਿਰਾਇਆ ਖ਼ਾਲਿਸਤਾਨੀ ਝੰਡਾ

ਮੋਗਾ 14 ਅਗਸਤ 2020
ਮੋਗਾ ਜ਼ਿਲ੍ਹੇ ਦੇ ਡੀਸੀ ਦਫ਼ਤਰ ‘ਤੇ ਅੱਜ ਸ਼ੁੱਕਰਵਾਰ ਸਵੇਰੇ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਰੰਗ ਦਾ ਖ਼ਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ। ਜਿਸ ਦੀ ਸੂਚਨਾ ਜਦੋਂ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਪੁਲਿਸ ਨੂੰ ਤੁਰੰਤ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨਵਾਂ ਤਿਰੰਗਾ ਝੰਡਾ ਲਹਿਰਾ ਕੇ ਖ਼ਾਲਿਸਤਾਨੀ ਝੰਡੇ ਨੂੰ ਉਸ ਜਗ੍ਹਾ ਤੋਂ ਹਟਾਇਆ। 15 ਅਗਸਤ ਆਜ਼ਾਦੀ ਦਿਹਾੜੇ ਤੋਂ ਮਹਿਜ਼ ਇਕ ਦਿਨ ਪਹਿਲਾਂ ਸਰਕਾਰੀ ਦਫ਼ਤਰ ‘ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣਾ ਸਰਕਾਰ ਨੂੰ ਸਿੱਧੀ ਚੇਤਾਵਨੀ ਵੱਜੋਂ ਵੇਖਿਆ ਜਾ ਰਿਹਾ ਹੈ।
ਗੁਰਪਤਵੰਤ ਪੰਨੂ ਦੀ ਚਾਲ
ਦਰਅਸਲ ਬੀਤੇ ਦਿਨੀਂ ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਨੇ ਐਲਾਨ ਕੀਤਾ ਸੀ ਕਿ 15 ਅਗਸਤ ਨੂੰ ਆਪਣੇ ਪੰਚਾਇਤ ਘਰਾਂ ‘ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲਿਆਂ ਨੂੰ ਉਹ 2500 ਅਮਰੀਕੀ ਡਾਲਰ ਦੇਵੇਗਾ। ਡੀਸੀ ਦਫ਼ਤਰ ‘ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਦੀ ਵੀਡੀਓ ਵੀ ਗੁਰਪਤਵੰਤ ਪੰਨੂ ਨੇ ਜਾਰੀ ਕੀਤੀ ਹੈ। ਵੀਡੀਓ ‘ਚ ਨੌਜਵਾਨ ਖਾਲਿਸਤਾਨ ਦਾ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ। ਏਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਤਿਰੰਗੇ ਦਾ ਵੀ ਅਪਮਾਨ ਕੀਤਾ।
ਪੁਲਿਸ ‘ਤੇ ਸਵਾਲ
ਹੈਰਾਨਗੀ ਦੀ ਗੱਲ ਹੈ ਕਿ ਡੀਸੀ ਦਫ਼ਤਰ ਹਰ ਵੇਲੇ ਪੁਲਿਸ ਸੁਰੱਖਿਆ ਦੇ ਘੇਰੇ ‘ਚ ਰਹਿੰਦੇ ਹਨ। ਇਸ ਦੇ ਬਾਵਜੂਦ ਕੋਈ ਕਿਸ ਤਰ੍ਹਾਂ ਪੁਲਿਸ ਨੂੰ ਚਕਮਾ ਦੇ ਸਕਦਾ ਹੈ? ਸਵਾਲ ਪੁਲਿਸ ‘ਤੇ ਉੱਠਣੇ ਲਾਜ਼ਮੀ ਹਨ। ਹੁਣ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਆਜ਼ਾਦੀ ਸਮਾਗਮਾਂ ਦੇ ਪ੍ਰਬੰਧਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।




